ਲਖਨਊ, 28 ਨਵੰਬਰ
ਰਹਿਕੀਮ ਕੌਰਨਵਾਲ ਦੀਆਂ ਕਰੀਅਰ ਦੀ ਸਰਵੋਤਮ ਸੱਤ ਵਿਕਟਾਂ ਦੀ ਬਦੌਲਤ ਵੈਸਟ ਇੰਡੀਜ਼ ਨੇ ਇਕਲੌਤੇ ਟੈਸਟ ਮੈਚ ਦੇ ਪਹਿਲੇ ਦਿਨ ਅਫ਼ਗਾਨਿਸਤਾਨ ਦੀ ਪੂਰੀ ਟੀਮ ਸਿਰਫ਼ 187 ਦੌੜਾਂ ’ਤੇ ਢੇਰ ਕਰ ਦਿੱਤੀ। ਟਾਸ ਹਾਰਨ ਮਗਰੋਂ ਬੱਲੇਬਾਜ਼ੀ ਲਈ ਉਤਰੇ ਅਫ਼ਗਾਨਿਸਤਾਨ ਦੇ ਬੱਲੇਬਾਜ਼ ਕੌਰਨਵਾਲ ਦੀ ਫ਼ਿਰਕੀ ਅੱਗੇ ਬੇਵੱਸ ਨਜ਼ਰ ਆਏ, ਜਿਸ ਨੇ 75 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ।
ਗੇਂਦਬਾਜ਼ ਕੌਰਨਵਾਲ ਨੇ ਲਖਨਊ ਦੇ ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ ਵਿੱਚ ਆਪਣੀਆਂ ਸਵਿੰਗ ਲੈਂਦੀਆਂ ਗੇਂਦਾਂ ਨਾਲ ਕਹਿਰ ਵਰ੍ਹਾਉਂਦਿਆਂ ਅਫ਼ਗਾਨਿਸਤਾਨ ਟੀਮ ਦੇ ਬੱਲੇਬਾਜ਼ੀ ਕ੍ਰਮ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਪੂਰੀ ਟੀਮ ਸਿਰਫ਼ 187 ਦੌੜਾਂ ’ਤੇ ਢੇਰ ਹੋ ਗਈ। ਇਸ ਦੇ ਜਵਾਬ ਵਿੱਚ ਵੈਸਟ ਇੰਡੀਜ਼ ਨੇ ਸਟੰਪ ਤੱਕ ਦੋ ਵਿਕਟਾਂ ਗੁਆ ਕੇ 68 ਦੌੜਾਂ ਬਣਾ ਲਈਆਂ। ਜੌਹਨ ਕੈਂਪਬੈੱਲ 30 ਦੌੜਾਂ ਅਤੇ ਸ਼ਾਹਮਰਹ ਬਰੂਕਸ 19 ਦੌੜਾਂ ਬਣਾ ਕੇ ਖੇਡ ਰਹੇ ਹਨ। ਕੈਰੇਬਿਆਈ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਸ ਦੇ ਦੋਵੇਂ ਸਲਾਮੀ ਬੱਲੇਬਾਜ਼ ਕਰੇਗ ਬਰੈੱਥਵੇਟ (11 ਦੌੜਾਂ) ਅਤੇ ਸ਼ਾਈ ਹੋਪ (ਸੱਤ ਦੌੜਾਂ) ਟੀਮ ਦੇ 34 ਦੌੜਾਂ ਦੇ ਸਕੋਰ ’ਤੇ ਕ੍ਰਮਵਾਰ ਆਮਿਰ ਹਮਜ਼ਾ ਅਤੇ ਰਾਸ਼ਿਦ ਖ਼ਾਨ ਦਾ ਸ਼ਿਕਾਰ ਬਣੇ। ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਦੀ ਸਲਾਮੀ ਜੋੜੀ ਨੇ 12.2 ਓਵਰਾਂ ਤੱਕ 28 ਦੌੜਾਂ ਬਣਾਈਆਂ। ਕੌਰਨਵਾਲ ਨੇ ਇਬਰਾਹਿਮ ਜ਼ਾਦਰਾਨ (17 ਦੌੜਾਂ) ਦੀ ਵਿਕਟ ਲੈ ਕੇ ਅਫ਼ਗਾਨਿਸਤਾਨ ਨੂੰ ਪਹਿਲਾ ਝਟਕਾ ਦਿੱਤਾ। ਉਸ ਮਗਰੋਂ ਜਾਵੇਦ ਅਹਿਮਦੀ ਅਤੇ ਇਹਸਾਨਉੱਲ੍ਹਾ ਜਨਤ ਨੇ ਪਾਰੀ ਨੂੰ ਅੱਗੇ ਵਧਾਇਆ ਅਤੇ ਦੂਜੀ ਵਿਕਟ ਲਈ 56 ਦੌੜਾਂ ਜੋੜੀਆਂ। ਜੋਮਲ ਵਾਰਿਕਨ (35 ਦੌੜਾਂ ਦੇ ਕੇ ਇੱਕ ਵਿਕਟ) ਨੇ ਅਹਿਮਦੀ (39 ਦੌੜਾਂ) ਨੂੰ ਆਪਣਾ ਸ਼ਿਕਾਰ ਬਣਾਇਆ। ਸਿਰਫ਼ 111 ਦੌੜਾਂ ’ਤੇ ਸੱਤ ਵਿਕਟਾਂ ਗੁਆ ਚੁੱਕੇ ਅਫ਼ਗਾਨਿਸਤਾਨ ਦੀ ਹਾਲਤ ਹੋਰ ਖ਼ਰਾਬ ਹੁੰਦੀ ਜੇਕਰ ਵਿਕਟਕੀਪਰ ਬੱਲੇਬਾਜ਼ ਅਫਸਰ ਜ਼ਜ਼ਈ (32 ਦੌੜਾਂ) ਅਤੇ ਆਮਿਰ ਹਮਜ਼ਾ (34 ਦੌੜਾਂ) ਨੇ ਸੱਤਵੀਂ ਵਿਕਟ ਲਈ 54 ਦੌੜਾਂ ਦੀ ਭਾਈਵਾਲੀ ਨਾ ਕੀਤੀ ਹੁੰਦੀ। ਕੌਰਨਵਾਲ ਨੇ ਜ਼ਾਦਰਾਨ ਤੋਂ ਇਲਾਵਾ ਰਹਿਮਤ ਸ਼ਾਹ (ਚਾਰ ਦੌੜਾਂ), ਅਸਗਰ ਅਫ਼ਗਾਨ (ਚਾਰ ਦੌੜਾਂ), ਇਹਸਾਨਉੱਲ੍ਹਾ (24 ਦੌੜਾਂ), ਅਫਸਰ ਜ਼ਜ਼ਾਈ, ਨਾਸਿਰ ਜ਼ਮਾਲ (ਦੋ ਦੌੜਾਂ) ਅਤੇ ਯਾਮਿਨ ਅਹਿਮਦਜ਼ਈ (18 ਦੌੜਾਂ) ਨੂੰ ਪੈਵਿਲੀਅਨ ਭੇਜਿਆ। ਕਪਤਾਨ ਜੇਸਨ ਹੋਲਡਰ ਨੇ ਵੀ ਦੋ ਸ਼ਿਕਾਰ ਕੀਤੇ।