– ਦਿੱਲੀ ਦੀ ਨਾਮਵਰ ਸਿੱਖ ਸ਼ਖਸੀਅਤ ਗੁਰਮੀਤ ਸਿੰਘ ਸ਼ੰਟੀ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ
ਨਵੀਂ ਦਿੱਲੀ, 19 ਦਸੰਬਰ : ਦਿੱਲੀ ਦੀ ਨਾਮਵਰ ਸਿੱਖ ਸ਼ਖਸੀਅਤ ਗੁਰਮੀਤ ਸਿੰਘ ਸ਼ੰਟੀ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ , ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੀ ਹਾਜ਼ਰੀ ਵਿਚ ਉਹਨਾਂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿਚ ਸ਼ਾਮਲ ਕੀਤਾ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਸ਼ੰਟੀ ਤੇ ਸਾਥੀਆਂ ਨੂੰ ਪਰਿਵਾਰਕ ਮੈਂਬਰਾਂ ਦੀ ਤਰਾਂ ਰੱਖਿਆ ਜਾਵੇਗਾ ਤੇ ਉਹਨਾਂ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸ੍ਰੀ ਗੁਰਮੀਤ ਸਿੰਘ ਸ਼ੰਟੀ ਇਸ ਵੇਲੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਹਨ ਜਦਕਿ ਪਹਿਲਾਂ ਕਮੇਟੀ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਸੰਸਦ ਦੇ ਐਕਟ ਤਹਿਤ ਕੰਮ ਕਰਦੀਆਂ ਹਨ ਤੇ ਲੋਕਤੰਤਰੀ ਢੰਗ ਨਾਲ ਹੁੰਦੀਆਂ ਚੋਣਾਂ ਵਿਚ ਸੰਗਤ ਤੇ ਕੌਮ ਨੇ ਗੁਰੂ ਘਰਾਂ ਦੀ ਸੇਵਾ ਹਮੇਸ਼ਾ ਸ਼੍ਰੋਮਣੀ ਅਕਾਲੀ ਦੀ ਝੋਲੀ ਪਾਈ ਹੈ। ਉਹਨਾਂ ਕਿਹਾ ਕਿ ਬੇਸ਼ੱਕ ਕਾਂਗਰਸ ਪਾਰਟੀ ਨੇ ਹਰ ਵਾਰ ਚੋਣਾਂ ਵਿਚ ਕੋਈ ਨਾ ਕੋਈ ਫਰੰਟ ਖੜਾ ਕਰ ਕੇ ਅਸਿੱਧੀ ਲੜਾਈ ਲੜੀ ਹੈ ਪਰ ਕੌਮ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਇਕਲੌਤੀ ਸ਼ਹੀਦਾਂ ਦੀ ਪਾਰਟੀ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਤੇ ਸਿੱਖਾਂ ਨੇ ਦੇਸ਼ ਵਾਸਤੇ ਸਭ ਤੋਂ ਵੱਧ ਯੋਗਦਾਨ ਦਿੱਤਾ ਹੈ। ਕਾਲੇ ਪਾਣੀ ਦੀ ਸਜ਼ਾ ਪਾਉਣ ਵਾਲਿਆਂ ਵਿਚੋਂ 97 ਫੀਸਦੀ ਪੰਜਾਬੀ ਸਨ ਜਦਕਿ ਜਿਹਨਾਂ ਨੇ ਦੇਸ਼ ਵਾਸਤੇ ਫਾਂਸੀ ਦੀ ਸਜ਼ਾ ਹਾਸਲ ਕੀਤੀ, ਉਹਨਾਂ ਵਿਚੋਂ 94 ਫੀਸਦੀ ਪੰਜਾਬੀ ਤੇ ਸਿੱਖ ਸਨ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਸ਼ੰਟੀ ਤੇ ਸਾਥੀਆਂ ਦੀ ਸ਼ਲਾਘਾ ਕਰਦਿਆ ਆਖਿਆ ਕਿ ਸ਼ੰਟੀ ਨੇ ਵਿਖਾ ਦਿੱਤਾ ਹੈ ਕਿ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਹਮੇਸ਼ਾ ਬੁਲੰਦ ਹੋਈ ਹੈ ਤੇ ਹੁੰਦੀ ਰਹੇਗੀ। ਉਹਨਾਂ ਕਿਹਾ ਕਿ ਧਰਮ ਦੇ ਮਾਮਲੇ ਵਿਚ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਤਾਂ ਹੀ ਕੌਮ ਤਰੱਕੀ ਕਰ ਸਕਦੀ ਹੈ।
ਇਸ ਮੌਕੇ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੱਕ ਤੇ ਸੱਚ ਦੇ ਪਹਿਰੇ ‘ਤੇ ਖੜਾ ਰਿਹਾ ਹੈ। ਉਹਨਾਂ ਕਿਹਾ ਕਿ ਇਕ ਵਿਅਕਤੀ ਜੋ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਤੇ ਅਕਾਲੀ ਦਲ ਦਿੱਲੀ ਦਾ ਪ੍ਰਧਾਨ ਰਿਹਾ ਹੋਵੇ ਅਤੇ ਉਸ ਖਿਲਾਫ ਦੋਸ਼ ਲੱਗੇ ਤਾਂ ਪਾਰਟੀ ਨੂੰ ਮਹਿਸੂਸ ਹੋਇਆ ਕਿ ਇਸ ਵਿਅਕਤੀ ਨੇ ਇਕ ਡਕੈਤ ਵਾਂਗ ਗੁਰੂ ਦੀ ਗੋਲਕ ਨੂੰ ਲੁੱਟਿਆ ਹੈ, ਉਦੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੋਰ ਲੀਡਰਸ਼ਿਪ ਨਾਲ ਮਿਲ ਕੇ ਇਹ ਫੈਸਲਾ ਕੀਤਾ ਕਿ ਇਸ ਵਿਅਕਤੀ ਦੀ ਜੋ ਥਾਂ ਹੈ, ਉਸ ‘ਤੇ ਪਹੁੰਚਾਇਆ ਜਾਵੇ। ਉਹਨਾਂ ਕਿਹਾ ਕਿ ਇਹ ਫੈਸਲਾ ਬਹੁਤ ਵੱਡਾ ਫੈਸਲਾ ਸੀ ਜਿਸਨੇ ਸਾਬਤ ਕੀਤਾ ਕਿ ਅਕਾਲੀ ਦਲ ਹਮੇਸ਼ਾ ਸੱਚ ਵਾਸਤੇ ਆਪਣਾ ਯੋਗਦਾਨ ਪਾਉਦਾ ਹੈ।
ਸ੍ਰੀ ਸ਼ੰਟੀ ਨੇ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਉਰਫ ਜੀ. ਸੀ. ਉਰਫ ਗੋਲਕ ਚੋਰ ਵਿਚ ਇਹ ਘੁੰਮਡ ਸੀ ਕਿ ਮੇਰੇ ਤੋਂ ਵੱਡਾ ਕੋਈ ਨਹੀਂ ਅਤੇ ਸਾਰੀ ਦੁਨੀਆਂ ਵਿਚ ਮੇਰਾ ਡੰਕਾ ਵਜਦਾ ਹੈ। ਉਹਨਾਂ ਕਿਹਾ ਕਿ ਜਦੋਂ ਪਾਰਟੀ ਨੇ ਕਿ ਮਨਜੀਤ ਸਿੰਘ ਜੀ. ਕੇ. ਉਰਫ ਜੀ ਸੀ ਉਰਫ ਗੋਲਕ ਚੋਰ ਨੂੰ ਪਾਰਟੀ ਵਿਚੋਂ ਕੱਢਿਆ ਤਾਂ ਉਹਨਾਂ ਨੂੰ ਖੁਸ਼ੀ ਹੋਈ ਕਿ ਅਕਾਲੀ ਦਲ ਦੇ ਫੈਸਲੇ ਨਾਲ ਉਹਨਾਂ ਨੂੰ ਲੜਾਈ ਲੜੀ ਕੁਝ ਸੌਖੀ ਹੋਈ।
ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੇ ਮਨਜੀਤ ਸਿੰਘ ਜੀ. ਕੇ. ਨੂੰ ਆਖਿਆ ਸੀ ਕਿ ਉਹ ਗੁਰੂ ਦੀ ਗੋਲਕ ਦੇ ਚੋਰੀ ਕੀਤੇ ਪੈਸੇ ਵਾਪਸ ਦੇ ਦੇਣ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਗਲਤੀ ਦੀ ਮੁਆਫੀ ਮੰਗ ਲੈਣ ਤਾਂ ਉਹ ਕੇਸ ਵਾਪਸ ਲੈ ਲੈਣਗੇ ਪਰ ਹੰਕਾਰ ਨਾਲ ਭਰੇ ਜੀ. ਕੇ. ਨੇ ਅਜਿਹਾ ਨਹੀਂ ਕੀਤਾ।
ਉਹਨਾਂ ਕਿਹਾ ਕਿ ਇਕ ਮੈਂਬਰ ਹੋਣ ਦੇ ਨਾਅਤੇ ਜੋ ਜ਼ਿੰਮੇਵਾਰੀ ਬਣਦੀ ਹੈ, ਉਸਨੂੰ ਪੂਰਾ ਕਰਨ ਵਾਸਤੇ ਮੈਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
ਸ੍ਰੀ ਸ਼ੰਟੀ ਨੇ ਨੇ ਸ੍ਰੀ ਬਾਦਲ ਤੇ ਹੋਰ ਲੀਡਰਸ਼ਿਪ ਨੂੰ ਭਰੋਸਾ ਦੁਆਇਆ ਕਿ ਉਹ ਪੂਰੇ ਸਮਰਪਣ ਦੀ ਭਾਵਨਾ ਨਾਲ ਪੰਥ ਅਤੇ ਕੌਮ ਵਾਸਤੇ ਕੰਮ ਕਰਦੇ ਰਹਿਣਗੇ।