ਨਵੀਂ ਦਿੱਲੀ, 24 ਸਤੰਬਰ
ਵਿਸ਼ਵ ਚੈਂਪੀਅਨਸ਼ਿਪ ਦੇ ਤਗ਼ਮਾ ਜੇਤੂਆਂ ਵਿੱਚ ਸ਼ਾਮਲ ਅਮਿਤ ਪੰਘਾਲ ਅਤੇ ਮਨੀਸ਼ ਕੌਸ਼ਿਕ ਨੂੰ ਸ਼ਿਮਲਾ ਵਿੱਚ ਚਾਰ ਤੋਂ 10 ਅਕਤੂਬਰ ਤੱਕ ਹੋਣ ਵਾਲੀ ਸੀਨੀਅਰ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਹਿੱਸਾ ਨਾ ਲੈਣ ਤੋਂ ਛੋਟ ਮਿਲੀ ਹੈ। ਪੰਘਾਲ (52 ਕਿਲੋ) ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਮੁੱਕੇਬਾਜ਼ ਬਣਿਆ, ਜਦਕਿ ਕੌਸ਼ਿਕ (63 ਕਿਲੋ) ਨੇ ਰੂਸ ਦੇ ਐਕਾਤਰਿਨਬਰਗ ਵਿੱਚ ਹੋਏ ਇਸ ਟੂਰਨਾਮੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਵਿਸ਼ਵ ਚੈਂਪੀਅਨਸ਼ਿਪ ਤੋਂ ਅੱਜ ਇੱਥੇ ਪਰਤਣ ਮਗਰੋਂ ਪੰਘਾਲ ਨੇ ਕਿਹਾ, ‘‘ਅਸੀਂ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲਵਾਂਗੇ।’’ ਇਸ ਦੀ ਪੁਸ਼ਟੀ ਕਰਦਿਆਂ ਹਾਈ ਪਰਫਾਰਮੈਂਸ ਨਿਰਦੇਸ਼ਕ ਸੈਂਟਿਆਗੋ ਨੀਵਾ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਤੋਂ ਪਰਤੀ ਟੀਮ ਦੇ ਇੱਕ ਮੈਂਬਰ ਨੂੰ ਛੱਡ ਕੇ ਸਾਰਿਆਂ ਨੂੰ ਕੌਮੀ ਚੈਂਪੀਅਨਸ਼ਿਪ ਵਿੱਚ ਖੇਡਣ ਤੋਂ ਛੋਟ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ, ‘‘ਅਸ਼ੀਸ਼ ਕੁਮਾਰ (75 ਕਿਲੋ) ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲਾ ਇਕਲੌਤਾ ਮੁੱਕੇਬਾਜ਼ ਹੋਵੇਗਾ। ਵਿਸ਼ਵ ਚੈਂਪੀਅਨਸ਼ਿਪ ਟੀਮ ਵਿੱਚ ਸ਼ਾਮਲ ਹੋਰ ਕੋਈ ਮੁੱਕੇਬਾਜ਼ ਕੌਮੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਵੇਗਾ।’’ ਏਸ਼ਿਆਈ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗ਼ਮਾ ਜੇਤੂ ਅਸ਼ੀਸ਼ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਚੀਨ ਦੇ ਮੁੱਕੇਬਾਜ਼ ਤੋਂ 2-3 ਨਾਲ ਹਾਰ ਗਿਆ ਸੀ। ਪੰਘਾਲ ਦੀ ਅਗਵਾਈ ਵਿੱਚ ਭਾਰਤ ਦੀ ਅੱਠ ਮੈਂਬਰੀ ਟੀਮ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ। ਦੁਰਯੋਧਨ ਸਿੰਘ ਨੇਗੀ (69 ਕਿਲੋ), ਅਸ਼ੀਸ਼ ਕੁਮਾਰ (75 ਕਿਲੋ), ਬ੍ਰਿਜੇਸ਼ ਯਾਦਵ (81 ਕਿਲੋ), ਸਨਜੀਤ (91 ਕਿਲੋ) ਅਤੇ ਸਤੀਸ਼ ਕੁਮਾਰ (91 ਕਿਲੋ ਤੋਂ ਵੱਧ) ਨੇ ਵੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ