ਨਵੀਂ ਦਿੱਲੀ, 25 ਅਪਰੈਲ
ਕੌਮੀ ਘੱਟ ਗਿਣਤੀ ਕਮਿਸ਼ਨ (ਐੱਨਸੀਐੱਮ) ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਕੋਲੋਂ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਦਲੀਲ ’ਤੇ ਵਿਸਥਾਰ ਵਿੱਚ ਰਿਪੋਰਟ ਮੰਗੀ ਹੈ ਕਿ ਮੇਚੁਕਾ ਵਿੱਚ ਗੁਰੂ ਨਾਨਕ ਦੇਵ ਨਾਲ ਸਬੰਧਤ ਇਕ ਇਤਿਹਾਸਕ ਸਥਾਨ ਨੂੰ ਬੁੱਧ ਮੰਦਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਪਿਛਲੇ 45 ਸਾਲਾਂ ’ਚ ਬੇਅਦਬੀ ਦੀਆਂ ਜਿੰਨੀਆਂ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਦੀ ਸੂਚੀ ਦਿੱਤੀ ਜਾਵੇ।
ਐੱਨਸੀਐੱਮ ਵੱਲੋਂ ਸੋਮਵਾਰ ਨੂੰ ਜਾਰੀ ਇਕ ਬਿਆਨ ਅਨੁਸਾਰ ਕਮਿਸ਼ਨ ਨੇ ‘ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਵਿੱਚ ਗੁਰੂ ਨਾਨਕ ਦੇਵ ਨਾਲ ਸਬੰਧਤ ਇਤਿਹਾਸਕ ਸਥਾਨ ਨੂੰ ਬੁੱਧ ਮੰਦਰ ਵਿੱਚ ਤਬਦੀਲ ਕਰਨ’ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਇਤਰਾਜ਼ ਦਾ ਨੋਟਿਸ ਲਿਆ ਹੈ। ਬਿਆਨ ਮੁਤਾਬਕ, ‘‘ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਿੱਖਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਂਦੀਆਂ ਹਨ ਅਤੇ ਉਨ੍ਹਾਂ ਵਿਚਾਲੇ ਭੇਦਭਾਵ ਦੀ ਭਾਵਨਾ ਪੈਦਾ ਕਰਦੀਆਂ ਹਨ, ਇਸ ਵਾਸਤੇ ਕਮਿਸ਼ਨ ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ 24 ਅਪਰੈਲ 2023 ਨੂੰ ਇਕ ਪੱਤਰ ਭੇਜ ਕੇ ਕਮਿਸ਼ਨ ਸਾਹਮਣੇ ਵਿਚਾਰਅਧੀਨ ਮਾਮਲੇ ’ਤੇ ਵਿਸਥਾਰ ’ਚ ਰਿਪੋਰਟ ਮੰਗੀ ਹੈ।’’ ਬਿਆਨ ਵਿੱਚ ਐੱਨਸੀਐੱਮ ਨੇ ਲੋਕਾਂ ਨੂੰ ਸ਼ਾਂਤੀ ਤੇ ਧੀਰਜ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ ਹੈ।
ਇਕ ਹੋਰ ਬਿਆਨ ਵਿੱਚ ਕਮਿਸ਼ਨ ਨੇ ਕਿਹਾ ਕਿ ਧਿਆਨ ਵਿੱਚ ਆਇਆ ਹੈ ਕਿ ਇਕ ਵਿਅਕਤੀ ਨੇ ਪੰਜਾਬ ਦੇ ਮੋਰਿੰਡਾ ਵਿੱਚ ਇਕ ਗੁਰਦੁਆਰੇ ’ਚ ਵੜ ਕੇ ਪਾਠ ਕਰ ਰਹੇ ਗ੍ਰੰਥੀਆਂ ’ਤੇ ਹਮਲਾ ਕੀਤਾ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕੀਤੀ। ਹਾਲਾਂਕਿ, ਇਸ ਮਾਮਲੇ ’ਚ ਮੁਲਜ਼ਮ ਦੀ ਪਛਾਣ ਹੋ ਚੁੱਕੀ ਹੈ ਅਤੇ ਉਸ ਖ਼ਿਲਾਫ਼ ਅਪਰਾਧਿਕ ਕਾਰਵਾਈ ਕੀਤੀ ਜਾ ਸਕਦੀ ਹੈ। ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਪਿਛਲੇ 45 ਸਾਲਾਂ ’ਚ ਬੇਅਦਬੀ ਦੀਆਂ ਜਿੰਨੀਆਂ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਦੀ ਸੂਚੀ ਦਿੱਤੀ ਜਾਵੇ। ਕਮਿਸ਼ਨ ਨੇ ਸ਼ਾਂਤੀ ਤੇ ਧੀਰਜ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।