ਨਵੀਂ ਦਿੱਲੀ:ਓਐੱਨਜੀਸੀ ਤੇ ਆਈਓਸੀ ’ਚ ਕੰਮ ਕਰਦੇ ਦਸ ਖਿਡਾਰੀਆਂ ਦੇ ਨਾਮ ਮਾਣਮੱਤੇ ਕੌਮੀ ਖੇਡ ਪੁਰਸਕਾਰਾਂ ਲਈ ਭੇਜੇ ਗਏ ਹਨ। ਇਨ੍ਹਾਂ ਵਿੱਚ ਦਰੋਣਾਚਾਰੀਆ ਐਵਾਰਡ ਲਈ ਹਾਕੀ ਕੋਚ ਸੰਦੀਪ ਸਾਂਗਵਾਨ ਦਾ ਨਾਮ ਵੀ ਸ਼ਾਮਲ ਹੈ। ਆਲ ਇੰਡੀਆ ਪਬਲਿਕ ਸੈਕਟਰ ਸਪੋਰਟਜ਼ ਪ੍ਰਮੋਸ਼ਨ ਬੋਰਡ ਦੀ ਕਾਰਜਕਾਰੀ ਉਪ ਪ੍ਰਧਾਨ ਸੁਭਾਸ਼ ਕੁਮਾਰ ਨੇ ਕਿਹਾ ਕਿ ਹੋਰਨਾਂ ਖਿਡਾਰੀਆਂ, ਜਿਨ੍ਹਾਂ ਦੇ ਨਾਮ ਦੀ ਸਿਫਾਰਸ਼ ਕੀਤੀ ਗਈ ਹੈ, ਵਿੱਚ ਟੈਨਿਸ ਖਿਡਾਰੀ ਅੰਕਿਤਾ ਰੈਣਾ, ਅਥਲੀਟ ਅਰਪਿੰਦਰ ਸਿੰਘ ਤੇ ਸ਼ਤਰੰਜ ਖਿਡਾਰੀ ਅਭਿਜੀਤ ਕੁੰਟੇ ਵੀ ਸ਼ਾਮਲ ਹਨ। ਹੋਰਨਾਂ ਖਿਡਾਰੀਆਂ ਵਿੱਚ ਗੁਰਜੰਟ ਸਿੰਘ, ਸੁਮਿਤ, ਮਨਦੀਪ ਸਿੰਘ (ਸਾਰੇ ਆਇਲ ਤੇ ਨੈਚੁਰਲ ਗੈਸ ਕੋਰਪੋਰੇਸ਼ਨ ਵਿੱਚ ਕੰਮ ਕਰਦੇ ਹਨ), ਦਿਲਪ੍ਰੀਤ ਸਿੰਘ, ਸਿਮਰਨਜੀਤ ਸਿੰਘ ਤੇ ਹਾਰਦਿਕ ਸਿੰਘ (ਸਾਰੇ ਆਈਓਸੀ) ਹਨ। ਸਾਰੇ ਹਾਕੀ ਖਿਡਾਰੀਆਂ ਦਾ ਨਾਮ ਅਰਜੁਨ ਐਵਾਰਡ ਲਈ ਸਿਫਾਰਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਓਐਨਜੀਸੀ ’ਚ ਕੰਮ ਕਰ ਰਹੇ ਅਰਪਿੰਦਰ ਤੇ ਟੈਨਿਸ ਖਿਡਾਰੀ ਅੰਕਿਤਾ ਦੇ ਨਾਂ ਵੀ ਅਰਜੁਨ ਐਵਾਰਡ ਲਈ ਭੇਜੇ ਗਏ ਹਨ। ਅਭਿਜੀਤ ਦਾ ਨਾਂ ਧਿਆਨਚੰਦ ਐਵਾਰਡ ਲਈ ਸਿਫਾਰਸ਼ ਕੀਤਾ ਗਿਆ ਹੈ।