ਜੈਤੋ, 22 ਅਗਸਤ

ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਕੌਮੀ ਐਵਾਰਡ-2020 ਲਈ ਪੰਜਾਬ ਦੇ ਇੱਕੋ-ਇੱਕ ਅਧਿਆਪਕ ਰਾਜਿੰਦਰ ਕੁਮਾਰ ਦੀ ਸਰਵੋਤਮ ਅਧਿਆਪਕ ਵਜੋਂ ਚੋਣ ਕੀਤੀ ਗਈ ਹੈ। ਸਮੁੱਚੀ ਚੋਣ ਵਿਚ ਉਂਜ ਵੱਖ-ਵੱਖ ਰਾਜਾਂ ਦੇ ਕੁੱਲ 47 ਅਧਿਆਪਕਾਂ ਨੂੰ ਐਵਾਰਡ ਲਈ ਚੁਣਿਆ ਗਿਆ ਹੈ। 15 ਅਗਸਤ 2017 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਰੜ ਅਤੇ ਮਿਹਨਤ ਦੇ ਮੁਜੱਸਮੇ ਇਸ ਅਧਿਆਪਕ ਨੂੰ ‘ਸਟੇਟ ਐਵਾਰਡੀ’ ਅਧਿਆਪਕ ਵਜੋਂ ਰਾਜ ਪੱਧਰੀ ਸਮਾਗਮ ਵਿੱਚ ਨਿਵਾਜਿਆ ਜਾ ਚੁੱਕਾ ਹੈ। ਰਾਜਿੰਦਰ ਕੁਮਾਰ ਸਬ-ਡਵੀਜ਼ਨ ਜੈਤੋ ਦੇ ਪਿੰਡ ਵਾੜਾ ਭਾਈ ਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਹੈ। ਸਵਾ ਦਹਾਕੇ ਤੋਂ ਸਕੂਲ ਦੇ ਨਕਸ਼ ਸੰਵਾਰਨ ਵਿੱਚ ਜੁਟੇ ਰਾਜਿੰਦਰ ਦੇ ਜਨੂੰਨ ਦੀ ਬਦੌਲਤ ਕਿਸੇ ਵਕਤ ਤਰਸਯੋਗ ਦਸ਼ਾ ’ਚ ਸਿਸਕਦਾ ਇਹ ਸਰਕਾਰੀ ਸਕੂਲ ਹੁਣ ਕਈ ਨਿੱਜੀ ਸਕੂਲਾਂ ਨੂੰ ਮਾਤ ਪਾਉਂਦਾ ਹੈ। ਰਾਜਿੰਦਰ ਦੀ ਪਤਨੀ ਹਰਿੰਦਰ ਕੌਰ ਵੀ ਇਸੇ ਸਕੂਲ ਵਿੱਚ ਤਾਇਨਾਤ ਹੈ।