ਇਸਲਾਮਾਬਾਦ, 9 ਅਗਸਤ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ ਨੇ ਕਿਹਾ ਹੈ ਕਿ ਉਹ ਸਮੇਂ ਤੋਂ ਪਹਿਲਾਂ ਨੈਸ਼ਨਲ ਅਸੈਂਬਲੀ ਭੰਗ ਕਰਨ ਲਈ ਭਲਕੇ ਬੁੱਧਵਾਰ ਨੂੰ ਰਾਸ਼ਟਰਪਤੀ ਆਰਿਫ ਅਲਵੀ ਨੂੰ ਪੱਤਰ ਲਿਖਣਗੇ। ਉਨ੍ਹਾਂ ਦੀ ਇਸ ਪਹਿਲਕਦਮੀ ਦਾ ਮਕਸਦ ਸਾਲ ਦੇ ਅਖੀਰ ਵਿੱਚ ਤਜਵੀਜ਼ਤ ਆਮ ਚੋਣਾਂ ਲਈ ਵਾਧੂ ਸਮਾਂ ਲੈਣਾ ਹੈ। ਸ੍ਰੀ ਸ਼ਰੀਫ ਨੇ ਇਸਲਾਮਾਬਾਦ ਵਿੱਚ ਇੱਕ ਸਮਾਗਮ ਮੌਕੇ ਸੰਬੋਧਨ ਕਰਦਿਆਂ ਕਿਹਾ,‘ਸਾਡੀ (ਸਰਕਾਰ ਦਾ) ਕਾਰਜਕਾਲ ਕੱਲ੍ਹ ਪੂਰਾ ਕਰਨ ਮਗਰੋਂ ਮੈਂ ਅਸੈਂਬਲੀ ਭੰਗ ਕਰਨ ਲਈ ਰਾਸ਼ਟਰਪਤੀ ਨੂੰ ਪੱਤਰ ਲਿਖਾਂਗਾ ਤੇ ਇਸਦੀ ਸਿਫ਼ਾਰਸ਼ ਕਰਾਂਗਾ। ਇਸ ਮਗਰੋਂ ਇੱਕ ਅੰਤ੍ਰਿਮ ਸਰਕਾਰ ਸੱਤਾ ਸੰਭਾਲੇਗੀ।’ ਦਰਅਸਲ, ਸੰਸਦ ਦੇ ਹੇਠਲੇ ਸਦਨ ਦਾ ਪੰਜ ਸਾਲਾ ਕਾਰਜਕਾਲ 12 ਅਗਸਤ ਨੂੰ ਸਮਾਪਤ ਹੋ ਰਿਹਾ ਹੈ। ਰਾਸ਼ਟਰਪਤੀ ਅਲਵੀ ਵੱਲੋਂ ਪ੍ਰਧਾਨ ਮੰਤਰੀ ਦੀ ਸਲਾਹ ਨਾ-ਮਨਜ਼ੂਰ ਕਰਨ ਦੀ ਸਥਿਤੀ ’ਚ ਅਸੈਂਬਲੀ ਇਸ ਦੇ 48 ਘੰਟਿਆਂ ਦੇ ਅੰਦਰ ਖ਼ੁਦ-ਬ-ਖ਼ੁਦ ਹੀ ਭੰਗ ਹੋ ਜਾਵੇਗੀ। ਸ੍ਰੀ ਅਲਵੀ, ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਾਬਕਾ ਆਗੂ ਹਨ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਦਾ ਸੰਕੇਤ ਦਿੰਦਿਆਂ ਸ਼ਹਬਿਾਜ਼ ਸ਼ਰੀਫ ਨੇ ਰਾਵਲਪਿੰਡੀ ਵਿੱਚ ਪਾਕਿਸਤਾਨੀ ਫ਼ੌਜ ਦੇ ਹੈੱਡਕੁਆਰਟਰ ਦਾ ਅੱਜ ਦੌਰਾ ਕੀਤਾ, ਜਿਸ ਦੌਰਾਨ ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਆਸਿਮ ਮੁਨੀਰ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ‘ਡਾਅਨ’ ਦੀ ਖ਼ਬਰ ਮੁਤਾਬਕ ਕੌਮੀ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਰਜਾ ਰਿਆਜ਼ ਨੇ ਕਿਹਾ ਕਿ ਉਨ੍ਹਾਂ ਕੇਅਰਟੇਕਰ ਪ੍ਰਧਾਨ ਮੰਤਰੀ ਦੇ ਨਾਵਾਂ ਸਬੰਧੀ ਪ੍ਰਧਾਨ ਮੰਤਰੀ ਨਾਲ ਹੁਣ ਤੱਕ ਮੁਲਾਕਾਤ ਨਹੀਂ ਕੀਤੀ।