ਨਵੀਂ ਦਿੱਲੀ, 3 ਦਸੰਬਰ
ਟੋਕੀਓ ਓਲੰਪਿਕ-2020 ਦੇ ਸੰਭਾਵੀਆਂ ਵਿੱਚੋਂ ਇੱਕ ਕੌਮਾਂਤਰੀ ਤਗ਼ਮਾ ਜੇਤੂ ਭਾਰਤੀ ਮਹਿਲਾ ਮੁੱਕੇਬਾਜ਼ ਨੀਰਜ (57 ਕਿਲੋ) ਨੂੰ ਡੋਪ ਟੈਸਟ ਵਿੱਚ ਫੇਲ੍ਹ ਰਹਿਣ ਮਗਰੋਂ ਅਣਮਿਥੇ ਸਮੇਂ ਤੱਕ ਮੁਅੱਤਲ ਕਰ ਦਿੱਤਾ ਗਿਆ। ਨੀਰਜ ਨੂੰ ਪ੍ਰਦਰਸ਼ਨ ਬਿਹਤਰ ਕਰਨ ਵਾਲੀ ਦਵਾਈ ਲਿਗਾਂਡਰੋਲ ਅਤੇ ਹੋਰ ਐਨਾਬੌਲਿਕ ਸਟੈਰਾਇਡ ਲੈਣ ਦਾ ਦੋਸ਼ੀ ਪਾਇਆ ਗਿਆ। ਨੀਰਜ ਨੇ ਬੁਲਗਾਰੀਆਂ ਵਿੱਚ ਇਸ ਸਾਲ ਸਟਰਾਂਜਾ ਮੈਮੋਰੀਅਲ ਟੂਰਨਾਮੈਂਟ ਵਿੱਚ ਕਾਂਸੀ ਅਤੇ ਰੂਸ ਵਿੱਚ ਇੱਕ ਟੂਰਨਾਮੈਂਟ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਸ ਨੇ ਗੁਹਾਟੀ ਵਿੱਚ ਇੰਡੀਆ ਓਪਨ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ। ਨੀਰਜ ਦੇ ਨਮੂਨੇ 24 ਸਤੰਬਰ ਨੂੰ ਲਏ ਗਏ, ਜਿਨ੍ਹਾਂ ਦੀ ਜਾਂਚ ਕਤਰ ਵਿੱਚ ਲੈਬ ਵਿੱਚ ਕੀਤੀ ਗਈ। ਕੌਮੀ ਡੋਪਿੰਗ ਰੋਕੂ ਏਜੰਸੀ ਨੇ ਕਿਹਾ, ‘‘ਤਿੰਨ ਨਵੰਬਰ ਨੂੰ ਕਤਰ ਸਥਿਤ ਡੋਪਿੰਗ ਰੋਕੂ ਲੈਬ ਵਿੱਚ ਮਿਲੀ ਰਿਪੋਰਟ ਵਿੱਚ ਨੀਰਜ ਨੂੰ ਪਾਬੰਦੀਸ਼ੁਦਾ ਦਵਾਈਆਂ ਲੈਣ ਦਾ ਦੋਸ਼ੀ ਪਾਇਆ ਗਿਆ।’’