ਲੰਡਨ:ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ‘ਵਿਜ਼ਡਨ ਅਲਮੈਨੈਕ’ ਨਾਮੀ ਸੰਸਥਾ ਨੇ 2010 ਵਾਲੇ ਦਹਾਕੇ ਦਾ ਸਰਵੋਤਮ ਇੱਕ ਰੋਜ਼ਾ ਕ੍ਰਿਕਟਰ ਚੁਣਿਆ ਹੈ ਜਦੋਂਕਿ ਇੰਗਲੈਂਡ ਦੇ ਹਰਫਨਮੌਲਾ ਬੇਨ ਸਟੌਕਸ ਨੂੰ ਲਗਾਤਾਰ ਦੂਜੇ ਸਾਲ ‘ਸਾਲ ਦਾ ਸਰਵੋਤਮ ਕ੍ਰਿਕਟਰ’ ਚੁਣਿਆ ਗਿਆ ਹੈ। ਕੋਹਲੀ ਨੇ ਅਗਸਤ 2008 ਵਿੱਚ ਸ੍ਰੀਲੰਕਾ ਖ਼ਿਲਾਫ਼ ਇੱਕ ਰੋਜ਼ਾ ਕ੍ਰਿਕਟ ਮੈਚ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਵਿਜ਼ਡਨ ਅਨੁਸਾਰ ‘ਪਹਿਲੇ ਇੱਕ ਰੋਜ਼ਾ ਕੌਮਾਂਤਰੀ ਮੈਚ ਦੀ 50ਵੀਂ ਵਰ੍ਹੇਗੰਢ ਮੌਕੇ ਹਰ ਦਹਾਕੇ ਵਿੱਚੋਂ ਪੰਜ ਇੱਕ ਦਿਨਾ ਕ੍ਰਿਕਟਰਾਂ ਨੂੰ ਚੁਣਿਆ ਗਿਆ ਹੈ।’ ਸੰਸਥਾ ਵਿਜ਼ਡਮ ਨੇ ਆਪਣੀ ਵੈੱਬਸਾਈਟ ’ਤੇ ਦੱਸਿਆ, ‘ਸਾਲ 1971 ਤੋਂ 2021 ਦੇ ਦਰਮਿਆਨ ਹਰ ਦਹਾਕੇ ਲਈ ਸਰਵੋਤਮ ਕ੍ਰਿਕਟਰ ਚੁਣੇ ਗਏ ਹਨ ਅਤੇ ਕੋਹਲੀ ਨੂੰ 2010 ਵਾਲੇ ਦਹਾਕੇ ਲਈ ਚੁਣਿਆ ਗਿਆ ਹੈ।’ ਇਸ ਤੋਂ ਇਲਾਵਾ ਸਚਿਨ ਤੇਂਦੁਲਕਰ ਨੂੰ 90 ਵਾਲੇ ਦਹਾਕੇ ਅਤੇ ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੂੰ 80 ਵਾਲੇ ਦਹਾਕੇ ਦਾ ਸਰਵੋਤਮ ਕ੍ਰਿਕਟਰ ਚੁਣਿਆ ਗਿਆ ਹੈ।