ਦੁਬਈ, 16 ਜਨਵਰੀ
ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਭਾਰਤੀ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਅੱਜ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਸਾਲ ਦੀ ਟੈਸਟ ਤੇ ਇਕ ਰੋਜ਼ਾ ਟੀਮ ਦਾ ਕਪਤਾਨ ਚੁਣਿਆ ਗਿਆ ਹੈ।
ਚਾਰ ਹੋਰ ਭਾਰਤੀਆਂ ਨੂੰ ਆਈਸੀਸੀ ਟੈਸਟ ਤੇ ਇਕ ਰੋਜ਼ਾ ਟੀਮ ਵਿੱਚ ਚੁਣਿਆ ਗਿਆ ਹੈ। ਟੈਸਟ ਟੀਮ ’ਚ ਦੂਹਰਾ ਸੈਂਕੜਾ ਮਾਰਨ ਵਾਲਾ ਮਯੰਕ ਅਗਰਵਾਲ ਵੀ ਸ਼ਾਮਲ ਹੈ ਜਦੋਂਕਿ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ, ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਤੇ ਖੱਬੇ ਹੱਥ ਦੇ ਸਪਿੰਨਰ ਕੁਲਦੀਪ ਯਾਦਵ ਇਕ ਰੋਜ਼ਾ ਟੀਮ ’ਚ ਹਨ।
ਕੋਹਲੀ ਨੇ 2019 ਵਿੱਚ ਦੋਵੇਂ ਰੂਪਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਟੈਸਟ ਕ੍ਰਿਕਟ ’ਚ ਸੱਤਵਾਂ ਦੂਹਰਾ ਸੈਂਕੜਾ ਮਾਰਦੇ ਹੋਏ ਲੰਘੇ ਸਾਲ ਅਕਤੂਬਰ ਵਿੱਚ ਦੱਖਣੀ ਅਫ਼ਰੀਕਾ ਖ਼ਿਾਲਾਫ਼ ਨਾਬਾਦ 254 ਦੌੜਾਂ ਬਣਾਈਆਂ ਸਨ।
ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਦੋ ਦੂਹਰੇ ਸੈਂਕੜੇ, ਇਕ ਸੈਂਕੜਾ ਤੇ ਦੋ ਅਰਧ ਸੈਂਕੜੇ ਬਣਾਏ। ਉਸ ਨੇ ਬੰਗਲਾਦੇਸ਼ ਖ਼ਿਲਾਫ਼ ਨਵੰਬਰ ’ਚ ਕਰੀਅਰ ਦੀ ਸਭ ਤੋਂ ਵਧੀਆ 243 ਦੌੜਾਂ ਦੀ ਪਾਰੀ ਖੇਡੀ। ਇਕ ਰੋਜ਼ਾ ਉਪ ਕਪਤਾਨ ਰੋਹਿਤ ਨੇ ਵਿਸ਼ਵ ਕੱਪ ’ਚ ਪੰਜ ਸੈਂਕੜੇ ਤੇ ਇਕ ਅਰਧ ਸੈਂਕੜਾ ਬਣਾਇਆ। ਕੁਲਦੀਪ ਨੇ ਦੋ ਹੈਟ੍ਰਿਕ ਲਗਾਈਆਂ। ਉਸ ਨੇ ਵੈਸਟਇੰਡੀਜ਼ ਖ਼ਿਲਾਫ਼ ਪਿਛਲੇ ਮਹੀਨੇ ਕਰੀਅਰ ਦੀ ਦੂਜੀ ਹੈਟ੍ਰਿਕ ਲਗਾਈ। ਜਸਪ੍ਰੀਤ ਬੁਮਰਾਹ ਦੀ ਗੈਰ ਮੌਜੂਦਗੀ ’ਚ ਸ਼ਮੀ ਨੇ 21 ਇਕ ਰੋਜ਼ਾ ਮੈਚਾਂ ’ਚ 42 ਵਿਕਟਾਂ ਲਈਆਂ।