ਨਵੀਂ ਦਿੱਲੀ, 20 ਮਈ
ਵਿਰਾਟ ਕੋਹਲੀ ਆਪਣੇ ਲਗਾਤਾਰ ਚੰਗੇ ਪ੍ਰਦਰਸ਼ਨ ਕਾਰਨ ਭਾਵੇਂ ਮਹਾਨ ਖਿਡਾਰੀਆਂ ਵਿੱਚ ਸ਼ਾਮਲ ਹੋ ਗਿਆ ਹੋਵੇ, ਪਰ ਇੰਗਲੈਂਡ ਵਿੱਚ 30 ਮਈ ਤੋਂ ਹੋਣ ਵਾਲਾ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਭਾਰਤੀ ਕਪਤਾਨ ਵਜੋਂ ਉਸ ਦੀ ਅਸਲ ਪ੍ਰੀਖਿਆ ਹੋਵੇਗੀ। ਆਸਟਰੇਲਿਆਈ ਧਰਤੀ ’ਤੇ ਟੈਸਟ ਲੜੀ ਜਿੱਤਣ ਵਾਲਾ ਪਹਿਲਾ ਭਾਰਤੀ ਕਪਤਾਨ ਕੋਹਲੀ ਅਜਿਹੀ ਟੀਮ ਦੀ ਅਗਵਾਈ ਕਰੇਗਾ, ਜਿਸ ਦੀਆਂ ਆਪਣੀਆਂ ਕਈ ਸਮੱਸਿਆਵਾਂ ਹਨ। ਭਾਰਤ ਸਾਹਮਣੇ ਚੌਥੇ ਨੰਬਰ ਦੀ ਬੱਲੇਬਾਜ਼ੀ ਵੀ ਬੁਝਾਰਤ ਬਣੀ ਹੋਈ ਹੈ। ਵਿਸ਼ਵ ਕੱਪ ਵਿੱਚ ਕੋਹਲੀ ਦੀ ਕਾਬਲੀਅਤ ਬਤੌਰ ਬੱਲੇਬਾਜ਼ ਤੋਂ ਵੱਧ ਕਪਤਾਨ ਵਜੋਂ ਵੇਖੀ ਜਾਵੇਗੀ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਕਪਤਾਨ ਇਸ ਸੱਤ ਹਫ਼ਤੇ ਤੱਕ ਚੱਲਣ ਵਾਲੇ ਟੂਰਨਾਮੈਂਟ ਵਿੱਚ ਕਾਫ਼ੀ ਅਹਿਮ ਹੋਵੇਗਾ, ਜਿਸ ਵਿੱਚ ਉਹ ਆਪਣੀਆਂ 11 ਹਜ਼ਾਰ ਦੌੜਾਂ ਨੂੰ ਪਾਰ ਕਰ ਸਕਦਾ ਹੈ। ਇਸ ਤੋਂ ਇਲਾਵਾ ਆਲਮੀ ਟੂਰਨਾਮੈਂਟ ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵੀ ਵੱਡੀਆਂ ਸੈਂਕੜੇ ਵਾਲੀਆਂ ਪਾਰੀਆਂ ਖੇਡ ਸਕਦਾ ਹੈ। ਟੀਮ ਵਿੱਚ ਸ਼ਿਖਰ ਧਵਨ ਵੀ ਹੈ, ਜਿਸ ਨੇ ਆਪਣੇ ਕੌਮਾਂਤਰੀ ਮੈਚਾਂ ਵਿੱਚ ਪੈਰ ਰੱਖਣ ਮਗਰੋਂ ਆਈਸੀਸੀ ਟੂਰਨਾਮੈਂਟ ਵਿੱਚ ਕਦੇ ਵੀ ਖ਼ਰਾਬ ਪ੍ਰਦਰਸ਼ਨ ਨਹੀਂ ਕੀਤਾ।
ਭਾਰਤ ਲਈ ਸਭ ਤੋਂ ਵੱਡੀ ਸਮੱਸਿਆ ਨੰਬਰ ਚਾਰ ਹੈ। ਅੰਬਾਤੀ ਰਾਇਡੂ ਦੇ ਇਸ ਸਥਾਨ ਦੀ ਦੌੜ ਵਿੱਚ ਅਸਫਲ ਹੋਣ ਮਗਰੋਂ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਿਸ਼ਭ ਪੰਤ ਨੂੰ ਵੀ ਟੀਮ ਵਿੱਚ ਥਾਂ ਨਹੀਂ ਮਿਲ ਸਕੀ। ਉਸ ਦੀ ਥਾਂ ਦਿਨੇਸ਼ ਕਾਰਤਿਕ ਨੂੰ ਤਜਰਬੇ ਦੇ ਲਿਹਾਜ਼ ਨਾਲ ਪਹਿਲ ਦਿੱਤੀ ਗਈ। ਵਿਜੈ ਸ਼ੰਕਰ ਜਾਂ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦੇ ਨੰਬਰ ਚਾਰ ਬੱਲੇਬਾਜ਼ ਵਜੋਂ ਖੇਡਣ ਦੀ ਉਮੀਦ ਹੈ। ਮਹਿੰਦਰ ਸਿੰਘ ਧੋਨੀ ਦਾ ਸ਼ਾਇਦ ਇਹ ਆਖ਼ਰੀ ਵਿਸ਼ਵ ਕੱਪ ਹੋਵੇਗਾ। ਮੈਚ ਜੇਤੂ ਵਜੋਂ ਮਸ਼ਹੂਰ ਇਸ ਸਾਬਕਾ ਭਾਰਤੀ ਕਪਤਾਨ ਵਿੱਚ ਵਿਰੋਧੀ ਟੀਮਾਂ ਦੀ ਦਿਲਚਸਪੀ ਰਹੇਗੀ। ਛੇਵੇਂ ਨੰਬਰ ’ਤੇ ਕੇਦਾਰ ਜਾਧਵ ਹੋਵੇਗਾ, ਜਿਸ ਨੂੰ ਅੱਜ ਫਿੱਟ ਐਲਾਨ ਦਿੱਤਾ ਗਿਆ ਹੈ। ਭਾਰਤ ਪੰਜ ਜੂਨ ਨੂੰ ਸਾਊਥੈਂਪਟਨ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗਾ। ਸੱਤਵੇਂ ਨੰਬਰ ’ਤੇ ਹਾਰਦਿਕ ਪਾਂਡਿਆ ਨੂੰ ਉਤਾਰਿਆ ਜਾ ਸਕਦਾ ਹੈ। ਭਾਰਤੀ ਟੀਮ ਪ੍ਰਬੰਧਨ ਅਤੇ ਚੋਣਕਾਰਾਂ ਨੇ ਬੀਤੇ ਦੋ ਸਾਲਾਂ ਵਿੱਚ ਸਪਿੰਨਰ ਕੁਲਦੀਪ ਯਾਦਵ ਅਤੇ ਯੁਜ਼ਵੇਂਦਰ ਚਾਹਲ ’ਤੇ ਕਾਫ਼ੀ ਜ਼ੋਰ ਦਿੱਤਾ ਹੈ। ਭਾਰਤ ਨੌਂ ਲੀਗ ਮੈਚਾਂ ਵਿੱਚੋਂ ਛੇ ਵਿੱਚ ਜਿੱਤ ਹਾਸਲ ਕਰਕੇ ਵੀ ਸੈਮੀ-ਫਾਈਨਲ ਲਈ ਕੁਆਲੀਫਾਈ ਕਰ ਸਕਦਾ ਹੈ।