ਨਵੀਂ ਦਿੱਲੀ, 2 ਜਨਵਰੀ
ਅੰਡਰ-19 ਵਿਸ਼ਵ ਕੱਪ-2008 ਵਿੱਚ ਭਾਵੇਂ ਭਾਰਤੀ ਟੀਮ ਅਤੇ ਵਿਰਾਟ ਕੋਹਲੀ ਦਾ ਦਬਦਬਾ ਰਿਹਾ, ਪਰ ਭਾਰਤੀ ਕਪਤਾਨ ਨੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੂੰ ਉਸ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਕਰਾਰ ਦਿੱਤਾ ਹੈ। ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਵਿਲੀਅਮਸਨ ਦੀ ਨਿਊਜ਼ੀਲੈਂਡ ਟੀਮ ਨੂੰ ਸੈਮੀਫਾਈਨਲ ਵਿੱਚ ਹਰਾਇਆ ਸੀ।
ਉਸ ਟੀਮ ਵਿੱਚ ਰਵਿੰਦਰ ਜਡੇਜਾ, ਟਰੈਂਟ ਬੋਲਟ ਅਤੇ ਟਿਮ ਸਾਊਦੀ ਵਰਗੇ ਖਿਡਾਰੀ ਵੀ ਸਨ। ਕੋਹਲੀ ਨੇ ਆਈਸੀਸੀ ਦੇ ਬਿਆਨ ਵਿੱਚ ਕਿਹਾ, ‘‘ਮੈਨੂੰ ਯਾਦ ਹੈ ਜਦੋਂ ਕੇਨ ਖ਼ਿਲਾਫ਼ ਖੇਡਿਆ ਸੀ। ਉਹ ਟੀਮ ਵਿੱਚ ਸਭ ਤੋਂ ਵੱਖਰਾ ਸੀ ਅਤੇ ਉਸ ਦਾ ਬੱਲੇਬਾਜ਼ੀ ਹੁਨਰ ਵੀ ਕਮਾਲ ਦਾ ਸੀ। ਉਸ ਸਮੇਂ ਕੇਨ ਤੋਂ ਇਲਾਵਾ ਸਟੀਵ ਸਮਿੱਥ ਵੀ ਆਪਣੀ ਟੀਮ ਲਈ ਖੇਡ ਰਿਹਾ ਸੀ।’’
ਕੋਹਲੀ ਨੇ ਸਾਲ 2008 ਵਿੱਚ 47 ਦੀ ਔਸਤ ਨਾਲ 235 ਦੌੜਾਂ ਬਣਾਈਆਂ ਸਨ। ਉਸ ਨੇ ਕਿਹਾ, ‘‘ਆਈਸੀਸੀ ਅੰਡਰ-19 ਵਿਸ਼ਵ ਕੱਪ ਮੇਰੇ ਕੇਰੀਅਰ ਦਾ ਅਹਿਮ ਪੜਾਅ ਸੀ।’’ ਉਸ ਨੇ ਕਿਹਾ, ‘‘ਇਸ ਨਾਲ ਸਾਨੂੰ ਅੱਗੇ ਵਧਣ ਲਈ ਚੰਗੀ ਆਧਾਰ ਮਿਲਿਆ। ਮੇਰੇ ਦਿਲ ਅਤੇ ਦਿਮਾਗ਼ ਵਿੱਚ ਇਸ ਦੀ ਖ਼ਾਸ ਥਾਂ ਹੈ।’’ ਕੋਹਲੀ ਜਿੱਥੇ ਵਿਸ਼ਵ ਕੱਪ-2008 ਦਾ ਸਟਾਰ ਸੀ, ਉਥੇ ਸਾਲ 2010 ਵਿੱਚ ਬੈੱਨ ਸਟੋਕਸ, ਜੋਸ ਬਟਲਰ ਅਤੇ ਜੋਏ ਰੂਟ ਵਰਗੇ ਸਟਾਰ ਵੀ ਉਭਰੇ। ਸਟੋਕਸ ਨੇ ਭਾਰਤ ਖ਼ਿਲਾਫ਼ ਇੱਕ ਮੈਚ ਦੌਰਾਨ 88 ਗੇਂਦਾਂ ’ਤੇ ਛੇ ਛੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ ਸਨ।