ਕੋਲਕਾਤਾ –ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਅੱਜ ਕਿਹਾ ਕਿ ਟੀਮ ਦਾ ਕਪਤਾਨ ਹੋਣ ਦੇ ਨਾਤੇ ਵਿਰਾਟ ਕੋਹਲੀ ਨੂੰ ਕੋਚ ਚੋਣ ਪ੍ਰਕਿਰਿਆ ਸਬੰਧੀ ਆਪਣੀ ਰਾਇ ਦੇਣ ਦਾ ਪੂਰਾ ਹੱਕ ਹੈ।
ਭਾਰਤ ਦੇ ਵਿਸ਼ਵ ਕੱਪ ਸੈਮੀ-ਫਾਈਨਲ ’ਚੋਂ ਬਾਹਰ ਹੋਣ ਮਗਰੋਂ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੁੰਦਿਆ ਕੋਹਲੀ ਨੇ ਭਾਰਤੀ ਟੀਮ ਦੇ ਮੁੱਖ ਕੋਚ ਲਈ ਰਵੀ ਸ਼ਾਸਤਰੀ ਨੂੰ ਬਰਕਰਾਰ ਰੱਖਣ ਦਾ ਸਮਰਥਨ ਕੀਤਾ ਸੀ, ਜਿਸ ਦਾ ਕਾਰਜਕਾਲ ਇਸ ਹਫ਼ਤੇ ਦੇ ਅਖ਼ੀਰ ਵਿੱਚ ਸ਼ੁਰੂ ਹੋ ਰਹੇ ਵੈਸਟ ਇੰਡੀਜ਼ ਦੇ ਦੌਰੇ ਨਾਲ ਹੀ ਖ਼ਤਮ ਹੋਵੇਗਾ। ਗਾਂਗੁਲੀ ਨੇ ਕੋਹਲੀ ਦੀ ਵੈਸਟ ਇੰਡੀਜ਼ ਦੌਰੇ ’ਤੇ ਜਾਣ ਤੋਂ ਪਹਿਲਾਂ ਕੀਤੀ ਗਈ ਟਿੱਪਣੀ ਦਾ ਜ਼ਿਕਰ ਕਰਦਿਆਂ ਕਿਹਾ, ‘‘ਉਹ ਕਪਤਾਨ ਹੈ। ਉਸ ਦਾ ਇਸ ਮਾਮਲੇ ’ਤੇ ਬੋਲਣ ਦਾ ਪੂਰਾ ਹੱਕ ਹੈ।’’ ਗਾਂਗੁਲੀ ਉਸ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦਾ ਹਿੱਸਾ ਸੀ, ਜਿਸ ਨੇ 2017 ਵਿੱਚ ਰਵੀ ਸ਼ਾਸਤਰੀ ਨੂੰ ਮੁੱਖ ਕੋਚ ਚੁਣਿਆ ਸੀ।