ਚੇਨਈ, 9 ਫਰਵਰੀ

ਵਿਸ਼ਵ ਦੇ ਸਭ ਤੋਂ ਸਫਲ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੀ ਤੂਫਾਨੀ ਗੇਂਦਬਾਜ਼ੀ ਨਾਲ ਇੰਗਲੈਂਡ ਨੇ ਪਹਿਲੇ ਕਿ੍ਕਟ ਟੈਸਟ ਮੈਚ ਦੇ ਪੰਜਵੇਂ ਅਤੇ ਅਖੀਰਲੇ ਦਿਨ ਮੰਗਲਵਾਰ ਨੂੰ ਇਥੇ ਭਾਰਤ ਨੂੰ 227 ਦੌੜਾਂ ਨਾਲ ਹਰਾ ਕੇ 4 ਮੈਂਚਾਂ ਦੀ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਇਸ ਤੋਂ ਪਹਿਲਾਂ ਦੁਪਹਿਰ ਦੇ ਖਾਣੇ ਤਕ ਭਾਰਤ ਦਾ ਸਕੋਰ 6 ਵਿਕਟਾਂ ਦੇ ਨੁਕਸਾਨ ’ਤੇ 144 ਦੌੜਾਂ ਸੀ ਅਤੇ ਹਾਰ ਨਿਸ਼ਚਿਤ ਦਿਖਾਈ ਦੇ ਰਹੀ ਸੀ। ਭਾਰਤ 420 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਿਹਾ ਸੀ। ਕਪਤਾਨ ਵਿਰਾਟ ਕੋਹਲੀ ਦੀ ਸ਼ਾਨਦਾਰ ਅਰਧ ਸੈਂਕੜੇ ਦੀ ਪਾਰਟੀ ਨੇ ਹਾਰ ਨੂੰ ਕੁਝ ਦੇਰ ਲਈ ਟਾਲ ਦਿੱਤਾ ਪਰ ਕੋਹਲੀ ਦੇ ਆਊਟ ਹੋਣ ਬਾਅਦ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਭਾਰਤੀ ਖਿਡਾਰੀਆਂ ਨੂੰ ਮੈਦਾਨ ’ਤੇ ਟਿਕਣ ਨਹੀਂ ਦਿੱਤਾ। ਭਾਰਤ ਨੇ ਸਵੇਰ ਦੇ ਸੈਸ਼ਨ ਵਿੱਚ ਪੰਚ ਵਿਕਟਾਂ ਗੁਆ ਕੇ 105 ਦੌੜਾਂ ਜੋੜੀਆਂ ਸਨ। ਐਂਡਰਸ਼ਨ ਨੇ 8 ਦੌੜਾਂ ਦੇ ਕੇ 3 ਵਿਕਟਾਂ (ਸ਼ੁਭਮਨ ਗਿਲ (50), ਅਜਿੰਕਿਆ ਰਹਾਣੇ(0), ਰਿਸ਼ਭ ਪੰਤ(11) ) ਲਈਆਂ। ਜੈਕ ਲੀਚ ਨੇ ਚੇਤੇਸ਼ਵਰ ਪੁਜਾਰਾ(15) ਜਦੋਂ ਕਿ ਡਾਮ ਬੇਸ ਨੇ ਵਾਸ਼ਿੰਗਟਨ ਸੁੰਦਰ(0) ਦੀ ਵਿਕਟ ਲਈ।

ਜ਼ਿਕਰਯੋਗ ਹੈ ਕਿ ਇੰਗਲੈਂਡ ਹੀ ਪਿਛਲੀ ਵਿਦੇਸ਼ੀ ਟੀਮ ਹੈ ਜੋ ਭਾਰਤ ਵਿੱਚ ਆ ਕੇ ਟੈਸਟ ਲੜੀ ਜਿੱਤਣ ਵਿੱਚ ਸਫਲ ਰਹੀ ਸੀ। ਇੰਗਲੈਂਡ ਨੇ 2012-13 ਵਿੱਚ ਮੇਜ਼ਬਾਨ ਟੀਮ ਨੂੰ 2-1 ਨਾਲ ਹਰਾਇਆ ਸੀ।