ਕੇਪਟਾਊਨ, 10 ਜਨਵਰੀ
ਭਾਰਤ ਵਿਰੁੱਧ ਪਹਿਲੇ ਟੈਸਟ ਵਿੱਚ ਮਿਲੀ ਜਿੱਤ ਦੇ ਸੂਤਰਧਾਰ ਰਹੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਵੇਰਨੋਨ ਫਲੈਂਡਰ ਨੇ ਕਿਹਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਬੱਲੇ ਨੂੰ ਰੋਕਣ ਦੀ ਰਣਨੀਤੀ ਸੀ ਜਿਸ ਉੱਤੇ ਅਮਲ ਕਰਨ ਵਿੱਚ ਉਹ ਕਾਮਯਾਬ ਰਹੇ। ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਛੇ ਵਿਕਟਾ ਲੈਣ ਵਾਲੇ ਫਿਲੈਂਡਰ ਨੇ ਕਿਹਾ ਵਿਰਾਟ ਬਿਹਤਰੀਨ ਬੱਲੇਬਾਜ਼ ਹੈ। ਉਸ ਦੇ ਬੱਲੇ ਨੂੰ ਖਾਮੋਸ਼ ਰੱਖਣਾ ਜ਼ਰੂਰੀ ਸੀ। ਅਸੀਂ ਇਸ ਵਿੱਚ ਕਾਮਯਾਬ ਰਹੇ। ਇਹ ਪੁੱਛਣ ਉੱਤੇ ਕਿ ਕੋਹਲੀ ਦੇ ਆਊਟ ਹੋਣ ਬਾਅਦ ਉਸਨੇ ਕੁੱਝ ਕਿਹਾ, ਤਾਂ ਫਿਲੈਂਡਰ ਨੇ ਕਿਹਾ ਕਿ ਨਹੀ ਮੈਂ ਉਨ੍ਹਾਂ ਨੂੰ ਕੁੱਝ ਨਹੀ ਕਿਹਾ। ‘ ਮੈਂ ਆਪਣੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰ ਰਿਹਾ ਸੀ ਤੇ ਉਹ ਇਸ ਉੱਤੇ ਹੀ ਫੋਕਸ ਕਰਦੇ ਹਨ। ਮੈਨੂੰ ਪਤਾ ਸੀ ਕਿ ਵਿਰਾਟ ਬਹੁਤ ਵੱਡਾ ਵਿਕਟ ਹੈ ਤੇ ਉਸਨੂੰ ਆਊਟ ਕਰਕੇ ਅਸੀਂ ਜਸ਼ਨ ਮਨਾ ਰਹੇ ਸੀ।
ਫਿਲੈਂਡਰ ਨੇ ਕਿਹਾ ਕਿ ਭਾਰਤ ਸਾਹਮਣੇ ਸਿਰਫ 208 ਦੌੜਾਂ ਦਾ ਟੀਚਾ ਸੀ ਤੇ ਮੈਨੂੰ ਪਤਾ ਸੀ ਕਿ ਤੇਜ਼ ਹਮਲੇ ਦੀ ਜ਼ਿੰਮੇਵਾਰੀ ਲੈ ਕੇ ਟੀਮ ਨੂੰ ਚੰਗੀ ਸਥਿਤੀ ਵਿੱਚ ਲਿਆਉਣ ਦੀ ਲੋੜ ਹੈ। ਫਿਲੈਂਡਰ ਨੇ ਕਿਹਾ ਕਿ ਜਦੋਂ ਸਿਰਫ 208 ਦੌੜਾਂ ਦਾ ਟੀਚਾ ਹੋਵੇ ਤਾਂ ਕਿਸੇ ਇੱਕ ਨੂੰ ਜਿੰਮੇਵਾਰੀ ਸੌਂਪਣੀ ਪੈਂਦੀ ਹੈ। ਗੇਂਦਬਾਜ ਬਾਅਦ ਲਈ ਰੁਕ ਨਹੀ ਸਕਦਾ ਕਿਉਂਕਿ ਸ਼ਾਇਦ ਬਾਅਦ ਵਿੱਚ ਮੌਕਾ ਮਿਲੇ ਜਾਂ ਨਾ।
ਫਿਲੈਂਡਰ ਨੇ ਰਵੀਚੰਦਰਨ ਅਸ਼ਵਿਨ ਦਾ ਵਿਕਟ ਲਿਆ ਜਿਸ ਨੇ 37 ਦੌੜਾਂ ਬਣਾ ਕੇ ਭਾਰਤ ਨੂੰ ਮੈਚ ਵਿੱਚ ਵਾਪਿਸ ਲਿਆਉਣ ਦੀ ਕੋਸ਼ਿਸ਼ ਕੀਤੀ। ਭਾਰਤ ਨੇ ਇੱਕ ਸਮੇਂ ਸੱਤ ਵਿਕਟਾਂ ’ਚ 82 ਦੌੜਾਂ ਗਵਾ ਦਿੱਤੀਆਂ ਸਨ ਪਰ ਅਸ਼ਵਿਨ ਅਤੇ ਭੁਵਨੇਸ਼ਵਰ ਕੁਮਾਰ ਨੇ ਅੱਠਵੇਂ ਵਿਕਟ ਦੇ ਲਈ 49 ਦੌੜਾਂ ਜੋੜੀਆਂ। ਫਿਲੈਂਡਰ ਨੇ ਕਿਹਾ ਕਿ ਤੁਹਾਨੂੰ ਅਜਿਹੇ ਸਮੇਂ ਸੰਯਮ ਰੱਖਣ ਦੀ ਲੋੜ ਹੁੰਦੀ ਹੈ। ਸਾਨੂੰ ਪਤਾ ਸੀ ਕਿ ਆਖ਼ਰੀ ਤਿੰਨ ਵਿਕਟਾਂ ਲੈ ਸਕਦੇ ਹਾਂ। ਜੋ ਟੀਮ ਸੰਯਮ ਰੱਖੇਗੀ ਉਹ ਹੀ ਜਿੱਤੇਗੀ। ਅਸੀਂ ਇਸ ਧਾਰਨਾ ਨੂੰ ਅਪਣਾਇਆ।