ਪਰਥ,

ਭਾਰਤੀ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨੇ ਅੱਜ ਇੱਥੇ ਇਕ ਪ੍ਰਸ਼ੰਸਕ ਵੱਲੋਂ ਉਸ ਦੇ ਹੋਟਲ ਦੇ ਕਮਰੇ ਦਾ ਵੀਡੀਓ ਸ਼ੂਟ ਕਰਨ ਅਤੇ ਮਗਰੋਂ ਇਸ ਨੂੰ ਜਨਤਕ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਕੋਹਲੀ ਨੇ ਇਸ ਨੂੰ ਨਿੱਜਤਾ ਦਾ ਘਾਣ ਕਰਾਰ ਦਿੱਤਾ ਹੈ। ਕੋਹਲੀ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਇਕ ਸੁਨੇਹੇ ਨਾਲ ਦੁਬਾਰਾ ਸਾਂਝਾ ਕਰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦੀ ਹਰਕਤ ਤੋਂ ਖ਼ੁਸ਼ ਨਹੀਂ ਹੈ। ਟੀ20 ਵਿਸ਼ਵ ਕੱਪ ਖੇਡਣ ਲਈ ਆਸਟਰੇਲੀਆ ਵਿਚ ਮੌਜੂਦ ਕੋਹਲੀ ਨੇ ਲਿਖਿਆ, ‘ਮੈਂ ਸਮਝਦਾ ਹਾਂ ਕਿ ਪ੍ਰਸ਼ੰਸਕ ਆਪਣੇ ਮਨਪਸੰਦ ਖਿਡਾਰੀਆਂ ਨੂੰ ਦੇਖ ਕੇ ਖ਼ੁਸ਼ ਤੇ ਉਤਸ਼ਾਹਿਤ ਹੁੰਦੇ ਹਨ ਤੇ ਉਨ੍ਹਾਂ ਨਾਲ ਮਿਲਣ ਲਈ ਕੋਸ਼ਿਸ਼ ਕਰਦੇ ਹਨ ਤੇ ਮੈਂ ਹਮੇਸ਼ਾ ਇਸ ਦੀ ਸ਼ਲਾਘਾ ਕੀਤੀ ਹੈ। ਪਰ ਇਹ ਵੀਡੀਓ ਸਹੀ ਨਹੀਂ ਹੈ ਤੇ ਇਸ ਨਾਲ ਮੈਂ ਆਪਣੀ ਨਿੱਜਤਾ ਬਾਰੇ ਕਾਫ਼ੀ ਪ੍ਰੇਸ਼ਾਨੀ ਮਹਿਸੂਸ ਕਰ ਰਿਹਾ ਹੈ।’ ਕੋਹਲੀ ਨੇ ਕਿਹਾ ਕਿ ਜੇ ਉਹ ਆਪਣੇ ਹੋਟਲ ਦੇ ਕਮਰੇ ਵਿਚ ਨਿੱਜਤਾ ਨਹੀਂ ਰੱਖ ਸਕਦੇ ਤਾਂ ਫਿਰ ਕਿੱਥੇ ਨਿੱਜਤਾ ਦੀ ਉਮੀਦ ਕੀਤੀ ਜਾ ਸਕਦੀ ਹੈ।’ ਕੋਹਲੀ ਨੇ ਇਸ ਘਟਨਾ ’ਤੇ ਨਾਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਲਿਖਿਆ, ‘ਕਿਰਪਾ ਕਰ ਕੇ ਦੂਜਿਆਂ ਦੀ ਨਿੱਜਤਾ ਦਾ ਸਨਮਾਨ ਕਰੋ ਤੇ ਉਨ੍ਹਾਂ ਨੂੰ ਮਨੋਰੰਜਨ ਦੀ ਵਸਤ ਸਮਝ ਕੇ ਵਿਹਾਰ ਨਾ ਕਰੋ।’ ਦੱਸਣਯੋਗ ਹੈ ਕਿ ਭਾਰਤੀ ਟੀਮ ‘ਕਰਾਊਨ ਰਿਜ਼ੌਰਟਸ’ ਵਿਚ ਠਹਿਰੀ ਹੋਈ ਹੈ ਤੇ ਹੋਟਲ ਨੇ ਬਾਅਦ ਵਿਚ ਇਸ ਘਟਨਾ ’ਚ ਸ਼ਾਮਲ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਹੋਟਲ ਨੇ ਮੁਆਫ਼ੀ ਵੀ ਮੰਗੀ ਹੈ। ਸੋਸ਼ਲ ਮੀਡੀਆ ਪਲੈਟਫਾਰਮ ਤੋਂ ਤੁਰੰਤ ਮੂਲ ਵੀਡੀਓ ਨੂੰ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵੀਡੀਓ ਵਿਚ ਇਕ ਆਦਮੀ ਕੋਹਲੀ ਦੀਆਂ ਨਿੱਜੀ ਚੀਜ਼ਾਂ ਵਿਚਾਲੇ ਕਮਰੇ ਵਿਚ ਘੁੰਮਦਾ ਦਿਖ ਰਿਹਾ ਹੈ। ਕਈ ਉੱਘੇ ਖਿਡਾਰੀਆਂ ਦੇ ਕੋਹਲੀ ਦੀ ਪਤਨੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਵੀ ਇਸ ਘਟਨਾ ’ਤੇ ਗੁੱਸਾ ਜ਼ਾਹਿਰ ਕੀਤਾ ਹੈ।