ਨਵੀਂ ਦਿੱਲੀ:ਰੋਹਿਤ ਸ਼ਰਮਾ ਨੂੰ ਦੱਖਣੀ ਅਫ਼ਰੀਕਾ ਦੌਰੇ ਲਈ ਭਾਰਤ ਦੀ ਇਕ ਰੋਜ਼ਾ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਉਹ 26 ਦਸੰਬਰ ਤੋਂ ਸ਼ੁਰੂ ਹੋ ਰਹੀ ਟੈਸਟ ਲੜੀ ’ਚ ਵੀ ਅਜਿੰਕਿਆ ਰਹਾਨੇ ਦੀ ਥਾਂ ’ਤੇ ਟੈਸਟ ਟੀਮ ਦੇ ਉਪ ਕਪਤਾਨ ਹੋਣਗੇ। ਬੀਸੀਸੀਆਈ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਲਈ 18 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ ਜਿਸ ’ਚ ਰਵਿੰਦਰ ਜਡੇਜਾ, ਸਪਿਨਰ ਅਕਸ਼ਰ ਪਟੇਲ ਅਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਫਿਟਨੈੱਸ ਸਮੱਸਿਆਵਾਂ ਕਾਰਨ ਟੀਮ ’ਚ ਸ਼ਾਮਲ ਨਹੀਂ ਕੀਤੇ ਗਏ ਹਨ। ਹਨੁਮਾ ਵਿਹਾਰੀ ਨੇ ਟੀਮ ’ਚ ਵਾਪਸੀ ਕੀਤੀ ਹੈ ਜਦਕਿ ਖ਼ਰਾਬ ਫਾਰਮ ਦੇ ਬਾਵਜੂਦ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਟੀਮ ’ਚ ਹਨ। ਟੀਮ ’ਚ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਕੇ ਐੱਲ ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਨੇੇ ਸ਼੍ਰੇਅਸ ਅਈਅਰ, ਹਨੁਮਾ ਵਿਹਾਰੀ, ਰਿਸ਼ਭ ਪੰਤ, ਰਿਦੀਮਾਨ ਸਾਹਾ, ਆਰ ਅਸ਼ਵਿਨ, ਜਯੰਤ ਯਾਦਵ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ ਸ਼ਾਮਲ ਹਨ। ਸਟੈਂਡ ਬਾਈ ’ਚ ਨਵਦੀਪ ਸੈਣੀ, ਸੌਰਭ ਕੁਮਾਰ, ਦੀਪਕ ਚਾਹਰ ਅਤੇ ਅਰਜਨ ਨਾਗਵਾਸਵਾਲਾ ਨੂੰ ਰੱਖਿਆ ਗਿਆ ਹੈ।