ਮੈਲਬਰਨ, 25 ਦਸੰਬਰ
ਕ੍ਰਿਕਟ ਆਸਟਰੇਲੀਆ ਦੀ ਅਧਿਕਾਰਤ ਵੈੱਬਸਾਈਟ ਨੇ ਵਿਰਾਟ ਕੋਹਲੀ ਨੂੰ ਦਹਾਕੇ ਦੀ ਟੈਸਟ ਇਲੈਵਨ ਟੀਮ ਦਾ ਕਪਤਾਨ ਚੁਣਿਆ ਹੈ, ਜਦਕਿ ਦਹਾਕੇ ਦੀ ਇੱਕ ਰੋਜ਼ਾ ਟੀਮ ਦੀ ਕਮਾਨ ਮਹਿੰਦਰ ਸਿੰਘ ਧੋਨੀ ਨੂੰ ਸੌਂਪੀ ਹੈ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਕੋਹਲੀ ਨੂੰ ਟੈਸਟ ਅਤੇ ਇੱਕ ਰੋਜ਼ਾ ਦੋਵਾਂ ਟੀਮਾਂ ਵਿੱਚ ਥਾਂ ਮਿਲੀ ਹੈ। ਇਹ 31 ਸਾਲਾ ਖਿਡਾਰੀ ਬੇਸ਼ੱਕ ਬੀਤੇ ਦਹਾਕੇ ਦਾ ਸਰਵੋਤਮ ਬੱਲੇਬਾਜ਼ ਰਿਹਾ ਹੈ। ਉਹ ਹੁਣ ਤੱਕ ਕੌਮਾਂਤਰੀ ਕ੍ਰਿਕਟ ਵਿੱਚ 70 ਸੈਂਕੜੇ ਮਾਰ ਚੁੱਕਿਆ ਹੈ ਅਤੇ ਸਿਰਫ਼ ਸਚਿਨ ਤੇਂਦੁਲਕਰ (100) ਅਤੇ ਰਿੱਕੀ ਪੋਂਟਿੰਗ (71) ਤੋਂ ਪਿੱਛੇ ਹੈ। ਕੋਹਲੀ ਨੇ ਸਾਰੀਆਂ ਵੰਨਗੀਆਂ ਵਿੱਚ 50 ਤੋਂ ਵੱਧ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਉਕੋਹਲੀ ਤੋਂ ਇਲਾਵਾ ਟੈਸਟ ਇਲੈਵਨ ਵਿੱਚ ਐਲਿਸਟੇਅਰ ਕੁੱਕ, ਡੇਵਿਡ ਵਾਰਨਰ, ਕੇਨ ਵਿਲੀਅਮਸਨ, ਸਟੀਵ ਸਮਿੱਥ, ਏਬੀ ਡੀਵਿਲੀਅਰਜ਼, ਬੈੱਨ ਸਟੋਕਸ, ਡੇਲ ਸਟੇਨ, ਸਟੂਅਰਟ ਬਰੌਡ, ਨਾਥਨ ਲਿਓਨ ਅਤੇ ਜੇਮਜ਼ ਐਂਡਰਸਨ ਸ਼ਾਮਲ ਹਨ। ਇਹ ਟੀਮ ਕ੍ਰਿਕਟ.ਕਾਮ.ਏਯੂ. ’ਤੇ ਦਿੱਤੀ ਗਈ ਹੈ। ਵੈੱਬਸਾਈਟ ਦੀ ਇੱਕ ਰੋਜ਼ਾ ਟੀਮ ਦੀ ਕਮਾਨ ਧੋਨੀ ਨੂੰ ਸੌਂਪੀ ਗਈ ਹੈ, ਜਿਸਦੀ ਅਗਵਾਈ ਹੇਠ ਭਾਰਤ ਨੇ ਦੋ ਵਿਸ਼ਵ ਕੱਪ (2007 ਵਿੱਚ ਟੀ-20 ਅਤੇ 2011 ਵਿੱਚ ਇੱਕ ਰੋਜ਼ਾ) ਜਿੱਤੇ ਹਨ। ਵਿਸ਼ਵ ਕੱਪ-2019 ਵਿੱਚ ਪੰਜ ਸੈਂਕੜੇ ਮਾਰਨ ਵਾਲੇ ਰੋਹਿਤ ਸ਼ਰਮਾ ਨੂੰ ਵੀ ਹਾਸ਼ਿਮ ਅਮਲਾ ਨਾਲ ਸਲਾਮੀ ਬੱਲੇਬਾਜ਼ ਵਜੋਂ ਟੀਮ ਵਿੱਚ ਰੱਖਿਆ ਹੈ। ਬੱਲੇਬਾਜ਼ੀ ਕ੍ਰਮ ਵਿੱਚ ਕੋਹਲੀ ਤੀਜੇ ਨੰਬਰ ’ਤੇ ਹੈ।