ਸੋਚੀ, ਫਿਲਿਪ ਕੌਟਿਨਹੋ ਅਤੇ ਨੇਮਾਰ ਦੇ ਆਖ਼ਰੀ ਸਮੇਂ ਕੀਤੇ ਗਏ ਗੋਲਾਂ ਦੇ ਦਮ ’ਤੇ ਬ੍ਰਾਜ਼ੀਲ ਨੇ ਫੀਫਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਅੱਜ ਕੋਸਟਾ ਰੀਕਾ ਖ਼ਿਲਾਫ਼ ਗਰੁੱਪ ‘ਈ’ ਮੈਚ ਵਿੱਚ 2-0 ਗੋਲਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਦੌਰਾਨ ਰੈਫਰੀ ਨੇ ਪੰਜ ਵਾਰ ਦੀ ਚੈਂਪੀਅਨ ਬਰਾਜ਼ੀਲ ਨੂੰ ਪੈਨਲਟੀ ਦੇਣ ਮਗਰੋਂ ਖ਼ੁਦ ਹੀ ਪੈਨਲਟੀ ਖ਼ਾਰਜ ਕਰ ਦਿੱਤੀ।
ਬ੍ਰਾਜ਼ੀਲ ਦੀ ਇਸ ਵਿਸ਼ਵ ਕੱਪ ਵਿੱਚ ਇਹ ਪਹਿਲੀ ਜਿੱਤ ਅਤੇ ਨੇਮਾਰ ਦਾ ਪਹਿਲਾ ਗੋਲ ਹੈ। ਬ੍ਰਾਜ਼ੀਲ ਦੇ ਆਪਣੇ ਗਰੁੱਪ ਵਿੱਚ ਚਾਰ ਅੰਕ ਹੋ ਗਏ ਹਨ ਅਤੇ ਹੁਣ ਉਸ ਦਾ ਅਗਲੇ ਗੇੜ ਵਿੱਚ ਜਾਣ ਦਾ ਦਾਅਵਾ ਮਜ਼ਬੂਤ ਹੋ ਗਿਆ ਹੈ। ਕੋਸਟਾ ਰੀਕਾ ਦੀ ਇਹ ਲਗਾਤਾਰ ਦੂਜੀ ਹਾਰ ਹੈ ਅਤੇ ਉਹ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ। ਕੋਸਟਾ ਰੀਕਾ ਨੂੰ ਆਪਣੇ ਸ਼ੁਰੂਆਤੀ ਮੈਚ ਵਿੱਚ ਸਰਬੀਆ ਤੋਂ ਹਾਰ ਝੱਲਣੀ ਪਈ ਸੀ, ਜਦਕਿ ਬ੍ਰਾਜ਼ੀਲ ਨੂੰ ਸਵਿੱਟਜ਼ਰਲੈਂਡ ਨੇ 1-1 ਦੇ ਡਰਾਅ ’ਤੇ ਰੋਕ ਦਿੱਤਾ ਸੀ। ਬ੍ਰਾਜ਼ੀਲ ਆਪਣੇ ਆਖ਼ਰੀ ਮੈਚ ਵਿੱਚ 27 ਜੂਨ ਨੂੰ ਸਰਬੀਆ, ਜਦਕਿ ਕੋਸਟਾ ਰੀਕਾ ਇਸੇ ਦਿਨ ਸਵਿੱਟਜ਼ਰਲੈਂਡ ਨਾਲ ਭਿੜੇਗਾ।
ਸੇਂਟ ਪੀਟਰਸਬਰਗ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਬ੍ਰਾਜ਼ੀਲ ਦੀ ਟੀਮ ਮੈਚ ਤੋਂ ਲਗਾਤਾਰ ਮੌਕੇ ਖੁੰਝਾ ਰਹੀ ਸੀ। 77ਵੇਂ ਮਿੰਟ ਵਿੱਚ ਬਾਕਸ ’ਤੇ ਨੇਮਾਰ ਨੂੰ ਡੇਗਣ ਕਾਰਨ ਰੈਫਰੀ ਨੇ ਬ੍ਰਾਜ਼ੀਲ ਨੂੰ ਪੈਨਲਟੀ ਵੀ ਦੇ ਦਿੱਤੀ ਸੀ, ਪਰ ਕੋਸਟਾ ਰੀਕਾ ਦੇ ਖਿਡਾਰੀਆਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ। ਇਸ ਮਗਰੋਂ ਰੈਫਰੀ ਨੇ ਖ਼ੁਦ ਸਾਈਡ ਲਾਈਨ ਦੇ ਬਾਹਰ ਜਾ ਕੇ ਟੀਵੀ ’ਤੇ ਰੀਪਲੇਅ ਵੇਖੇ। ਰੈਫਰੀ ਨੇ ਫਿਰ ਮੈਦਾਨ ’ਤੇ ਪਰਤ ਕੇ ਪੈਨਲਟੀ ਨੂੰ ਰੱਦ ਕਰ ਦਿੱਤਾ। ਬ੍ਰਾਜ਼ੀਲ ਦੀ ਟੀਮ ਅਤੇ ਨੇਮਾਰ ਇਸ ਮਗਰੋਂ ਕਾਫੀ ਨਿਰਾਸ਼ ਨਜ਼ਰ ਆਏ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਖੇਡਣਾ ਜਾਰੀ ਰੱਖਿਆ, ਜਿਸ ਦਾ ਫ਼ਾਇਦਾ ਉਨ੍ਹਾਂ ਨੂੰ ਆਖ਼ਰੀ ਪਲਾਂ ਵਿੱਚ ਮਿਲਿਆ। ਤੈਅ 90 ਮਿੰਟਾਂ ਵਿੱਚ ਕੋਈ ਗੋਲ ਨਹੀਂ ਹੋਇਆ ਅਤੇ ਮੈਚ ਡਰਾਅ ਵੱਲ ਵਧ ਰਿਹਾ ਸੀ, ਪਰ ਮੈਚ ਨੇ ਨਾਟਕੀ ਢੰਗ ਨਾਲ ਪਲਟਾ ਖਾਧਾ ਅਤੇ ਬ੍ਰਾਜ਼ੀਲ ਨੇ ਆਖ਼ਰੀ ਮੌਕੇ ਦੋ ਗੋਲ ਦਾਗ਼ ਦਿੱਤੇ। ਫਿਲਿਪ ਕੌਟਿਨਹੋ ਨੇ ਆਖ਼ਰੀ ਸਮੇਂ ਦੇ ਪਹਿਲੇ ਹੀ ਮਿੰਟ ਵਿੱਚ ਮਿਲੇ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਛੇ ਮੀਟਰ ਦੀ ਦੂਰੀ ਤੋਂ ਬ੍ਰਾਜ਼ੀਲ ਨੂੰ ਲੀਡ ਦਿਵਾਉਣ ਵਾਲਾ ਗੋਲ ਦਾਗ਼ਿਆ। ਨੇਮਾਰ ਨੇ ਇਸ ਤੋਂ ਛੇ ਮਿੰਟ ਮਗਰੋਂ ਬ੍ਰਾਜ਼ੀਲ ਲਈ ਦੂਜਾ ਗੋਲ ਕੀਤਾ। ਬ੍ਰਾਜ਼ੀਲ ਮੁੜ ਤੋਂ ਪਹਿਲੇ ਹਾਫ਼ ਵਿੱਚ ਗੋਲ ਕਰਨ ਤੋਂ ਨਾਕਾਮ ਰਿਹਾ। ਇਹ ਵਿਸ਼ਵ ਕੱਪ ਦੇ ਪਿਛਲੇ ਚਾਰ ਵਿੱਚ ਤੀਜਾ ਮੈਚ ਸੀ, ਜਦਕਿ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਪਹਿਲੇ ਹਾਫ ਵਿੱਚ ਗੋਲ ਨਹੀਂ ਕਰ ਸਕੀ। ਉਸ ਨੇ ਹਾਲਾਂਕਿ ਸਵਿੱਟਜ਼ਰਲੈਂਡ ਖ਼ਿਲਾਫ਼ 1-1 ਨਾਲ ਡਰਾਅ ਰਹੇ ਪਹਿਲੇ ਮੈਚ ਵਿੱਚ ਸ਼ੁਰੂ ਵਿੱਚ ਗੋਲ ਕੀਤਾ ਸੀ।