ਨਵੀਂ ਦਿੱਲੀ, 1 ਅਕਤੂਬਰ
ਆਸਟਰੇਲੀਆ ਨੇ ਅੱਜ ਕਿਹਾ ਕਿ ਉਸ ਦੇ ਚੋਟੀ ਦੇ ਮੈਡੀਕਲ ਰੈਗੂਲੇਟਰ ਵੱਲੋਂ ਦੇਸ਼ ਵਿਚ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਲਈ ਭਾਰਤੀ ਸੀਰਮ ਸੰਸਥਾ ਦੁਆਰਾ ਬਣਾਏ ਗਏ ਟੀਕੇ ਕੋਵੀਸ਼ੀਲਡ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਉਹ ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਦੇ ਦਫਤਰ ਨੇ ਕਿਹਾ ਕਿ ਥੈਰੋਪਿਓਐਟਿਕ ਗੁੱਡਜ਼ ਐਡਮਿਨਸਟਰੇਸ਼ਨ (ਟੀਜੀਏ) ਨੇ ਸਲਾਹ ਦਿੱਤੀ ਹੈ ਕਿ ਦੇਸ਼ ਵਿਚ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਲਈ ਕੋਵਿਡ ਵਿਰੋਧੀ ਵੈਕਸੀਨ ਕੋਰੋਨਾਵੈਕ (ਸਿਨੋਵੈਕ) ਤੇ ਕੋਵੀਸ਼ੀਲਡ ਨੂੰ ਮਾਨਤਾ ਪ੍ਰਾਪਤ ਟੀਕੇ ਦੇ ਰੂਪ ਵਿਚ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ। ਆਸਟਰੇਲਿਆਈ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਸਰਕਾਰ ਆਗਾਮੀ ਹਫ਼ਤਿਆਂ ਵਿਚ ਉਨ੍ਹਾਂ ਪ੍ਰਕਿਰਿਆਵਾਂ ਨੂੰ ਆਖ਼ਰੀ ਰੂਪ ਦੇਵੇਗੀ ਜਿਨ੍ਹਾਂ ਰਾਹੀਂ ਲੋਕ ਟੀਜੀਏ ਵੱਲੋਂ ਪ੍ਰਮਾਣਿਤ ਟੀਕਿਆਂ ਦੀ ਖੁਰਾਕ ਲਗਵਾਏ ਜਾਣ ਦੀ ਸਥਿਤੀ ਸਪੱਸ਼ਟ ਕਰਨ ਦੇ ਸਮਰੱਥ ਹੋ ਸਕਣਗੇ।