ਨਵੀਂ ਦਿੱਲੀ, 13 ਦਸੰਬਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 2001 ਸੰਸਦ ਹਮਲੇ ਵਿਚ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਨੂੰ ਅੱਜ ਸ਼ਰਧਾਂਜਲੀ ਭੇਟ ਕਰਦੇ ਹੋੲੇ ਕਿਹਾ ਕਿ ਰਾਸ਼ਟਰ ਉਨ੍ਹਾਂ ਦੇ ਬਲੀਦਾਨ ਲਈ ਹਮੇਸ਼ਾਂ ਉਨ੍ਹਾਂ ਦਾ ਧੰਨਵਾਦੀ ਰਹੇਗਾ। ਅੱਜ ਹੀ ਦੇ ਦਿਨ 2001 ਵਿਚ ਹੋਏ ਹਮਲੇ ਵਿਚ ਸ਼ਾਮਲ ਸਾਰੇ ਪੰਜ ਅਤਿਵਾਦੀ ਮਾਰੇ ਗਏ ਸਨ ਅਤੇ ਅੱਠ ਸੁਰੱਖਿਆ ਕਰਮੀ ਵੀ ਸ਼ਹੀਦ ਹੋ ਗਏ ਸਨ। ਹਮਲੇ ਵਿਚ ਇਕ ਮਾਲੀ ਦੀ ਜਾਨ ਵੀ ਗਈ ਸੀ। ਰਾਸ਼ਟਰਪਤੀ ਨੇ ਟਵੀਟ ਕੀਤਾ, ”ਮੈਂ ਉਨ੍ਹਾਂ ਬਹਾਦਰ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ 2001 ਵਿਚ ਅੱਜ ਹੀ ਦੇ ਦਿਨ ਇਕ ਅਤਿਵਾਦੀ ਹਮਲੇ ਖ਼ਿਲਾਫ਼ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸੰਸਦ ਦੀ ਰੱਖਿਆ ਕਰਦੇ ਹੋਏ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ। ਉਨ੍ਹਾਂ ਦੇ ਇਸ ਬਲੀਦਾਨ ਲਈ ਦੇਸ਼ ਹਮੇਸ਼ਾ ਉਨ੍ਹਾਂ ਦਾ ਧੰਨਵਾਦੀ ਰਹੇਗਾ।”

ਇਸੇ ਦੌਰਾਨ ਉਪ ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੰਸਦ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਮੋਦੀ ਨੇ ਟਵੀਟ ਕੀਤਾ, ”ਮੈਂ ਉਨ੍ਹਾਂ ਸਾਰੇ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜੋ 2001 ਵਿਚ ਸੰਸਦ ਹਮਲੇ ਦੌਰਾਨ ਆਪਣਾ ਫ਼ਰਜ਼ ਨਿਭਾਉਂਦੇ ਹੋਏ ਸ਼ਹੀਦ ਹੋ ਗਏ ਸਨ।”