ਓਟਵਾ, 26 ਮਾਰਚ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਨੀਆ ਦੇ ਵੱਡੇ ਅਰਥਚਾਰਿਆਂ ਦੇ ਆਗੂਆਂ ਨਾਲ ਅੱਜ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਨਗੇ। ਇਸ ਦੌਰਾਨ ਕੋਵਿਡ-19 ਮਹਾਮਾਰੀ ਦੇ ਵਿਸ਼ਵਵਿਆਪੀ ਪ੍ਰਭਾਵ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਉਹ ਜੀ-20 ਆਗੂਆਂ ਨਾਲ ਵੀਡੀਓ ਕਾਨਫਰੰਸ ਕਰਕੇ ਵਾਇਰਸ ਨੂੰ ਖਤਮ ਕਰਨ ਲਈ ਕੌਮਾਂਤਰੀ ਕੋਸਿ਼ਸ਼ਾਂ ਵਿੱਚ ਤਾਲਮੇਲ ਬਿਠਾਉਣ ਲਈ ਆਖਣਗੇ। ਇਸ ਦੌਰਾਨ ਵਿਸ਼ਵ ਅਰਥਚਾਰੇ ਨੂੰ ਲੱਗ ਰਹੀ ਢਾਹ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਇਹ ਵੀ ਆਸ ਕੀਤੀ ਜਾ ਰਹੀ ਹੈ ਕਿ ਉਹ ਸੰਕਟ ਦੇ ਬਾਵਜੂਦ ਕੈਨੇਡੀਅਨਾਂ ਤੇ ਬਿਜ਼ਨਸਿਜ਼ ਦੀ ਮਦਦ ਕਰਨ ਲਈ ਫੈਡਰਲ ਸਰਕਾਰ ਵੱਲੋਂ ਬਿਲੀਅਨ ਡਾਲਰ ਨਾਲ ਕੀਤੀ ਜਾ ਰਹੀ ਵਿੱਤੀ ਮਦਦ ਬਾਰੇ ਆਪਣੀ ਰਿਹਾਇਸ਼ਗਾਹ ਦੇ ਬਾਹਰੋਂ ਕੀਤੀ ਜਾਣ ਵਾਲੀ ਰੋਜ਼ਾਨਾ ਨਿਊਜ਼ ਕਾਨਫਰੰਸ ਦੀ ਵਰਤੋਂ ਵੀ ਕਰਨਗੇ।
ਬੁੱਧਵਾਰ ਨੂੰ 52 ਬਿਲੀਅਨ ਡਾਲਰ ਦੀ ਵਿੱਤੀ ਮਦਦ ਤੇ ਟੈਕਸਾਂ ਨੂੰ ਮੁਲਤਵੀ ਕਰਨ ਲਈ 55 ਬਿਲੀਅਨ ਡਾਲਰ ਖਰਚਣ ਦੀ ਪਾਰਲੀਆਮੈਂਟ ਵੱਲੋਂ ਭਾਵੇਂ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਇਹ ਰਕਮ ਅਗਲੇ ਕੁੱਝ ਹਫਤਿਆਂ ਲਈ ਹੋਰ ਮੁਹੱਈਆ ਨਹੀਂ ਹੋ ਸਕੇਗੀ। ਇਸ ਮਹਾਮਾਰੀ ਕਾਰਨ ਆਮਦਨ ਤੋਂ ਸੱਖਣੇ ਹੋਏ ਲੋਕਾਂ ਨੂੰ 6 ਅਪਰੈਲ ਤੱਕ ਚਾਰ ਮਹੀਨਿਆਂ ਲਈ 2000 ਡਾਲਰ ਪ੍ਰਤੀ ਮਹੀਨਾ ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ ਦੇ ਰੂਪ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ।
ਕੈਨੇਡਾ ਚਾਈਲਡ ਬੈਨੇਫਿਟ ਨੂੰ ਆਰਜ਼ੀ ਤੌਰ ਉੱਤੇ ਹੁਲਾਰਾ ਦੇਣ ਲਈ ਹੋਰ ਮਾਪਦੰਡ ਵੀ ਮਈ ਤੱਕ ਕੈਨੇਡੀਅਨਾਂ ਦੀ ਜੇਬ੍ਹ ਤੱਕ ਪਹੁੰਚਣਗੇ। ਟਰੂਡੋ ਤੇ ਉਨ੍ਹਾਂ ਦੀ ਸਰਕਾਰ ਹੁਣ ਨਵੇਂ ਮਾਪਦੰਡਾਂ ਨੂੰ ਪ੍ਰਚਾਰਨ ਦੀ ਤਿਆਰੀ ਕਰ ਰਹੀ ਹੈ ਤੇ ਕੈਨੇਡੀਅਨਾਂ ਨੂੰ ਇਹ ਸੂਚਿਤ ਕਰਨਾ ਚਾਹੁੰਦੀ ਹੈ ਕਿ ਇਸ ਲਈ ਕਿਵੇਂ ਅਪਲਾਈ ਕੀਤਾ ਜਾਵੇ। ਅੱਜ ਤੋਂ ਕੈਨੇਡਾ ਪਹੁੰਚਣ ਵਾਲੇ ਸਾਰੇ ਯਾਤਰੀਆਂ ਲਈ 14 ਦਿਨ ਦੀ ਸੈਲਫ ਆਈਸੋਲੇਸ਼ਨ ਲਾਜ਼ਮੀ ਕੀਤੀ ਗਈ ਹੈ।