ਓਟਵਾ, 12 ਮਾਰਚ : ਕੋਵਿਡ-19 ਤੇਜ਼ੀ ਨਾਲ ਫੈਲ ਰਿਹਾ ਗਲੋਬਲ ਖਤਰਾ ਹੈ। ਕੈਨੇਡਾ ਸਰਕਾਰ ਵੱਲੋਂ ਦੇਸ਼ ਤੇ ਦੁਨੀਆ ਭਰ ਉੱਤੇ ਪੈਣ ਵਾਲੇ ਇਸ ਦੇ ਸਿਹਤ, ਆਰਥਿਕ ਤੇ ਸਮਾਜਕ ਅਸਰ ਨੂੰ ਖ਼ਤਮ ਕਰਨ ਲਈ ਲੋਕਲ, ਪ੍ਰੋਵਿੰਸ਼ੀਅਲ, ਟੈਰੇਟੋਰੀਅਲ ਤੇ ਕੌਮਾਂਤਰੀ ਭਾਈਵਾਲਾਂ ਨਾਲ ਰਲ ਕੇ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਕੈਨੇਡਾ ਦੇ ਸਿਖਲਾਈਯਾਫਤਾ ਪਬਲਿਕ ਹੈਲਥ ਤੇ ਮੈਡੀਕਲ ਪ੍ਰੋਫੈਸ਼ਨਲਜ਼ ਨਾਲ ਰਲ ਕੇ ਨਵੀਆਂ ਯੋਜਨਾਵਾਂ, ਇਨਫਰਾਸਟ੍ਰਕਚਰ ਤੇ ਸਰੋਤਾਂ ਤੋਂ ਕੰਮ ਲੈ ਰਹੀ ਹੈ ਤਾਂ ਕਿ ਸਾਰੇ ਕੈਨੇਡੀਅਨਾਂ ਦੀ ਸਿਹਤ ਤੇ ਸੇਫਟੀ ਦੀ ਹਿਫਾਜ਼ਤ ਨੂੰ ਯਕੀਨੀ ਬਣਾਇਆ ਜਾ ਸਕੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੋਵਿਡ-19 ਪ੍ਰਤੀ ਸਰਕਾਰ ਵੱਲੋਂ ਅਪਣਾਈ ਜਾ ਰਹੀ ਪਹੁੰਚ ਦਾ ਖੁਲਾਸਾ ਕੀਤਾ।
ਇਸ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਰਕਾਰ ਇਸ ਆਊਟਬ੍ਰੇਕ ਨਾਲ ਨਜਿੱਠਣ ਲਈ ਕੰਮ ਕਰ ਰਹੀ ਹੈ, ਇਸ ਦੇ ਨਾਲ ਹੀ ਕੈਨੇਡਾ ਵਿੱਚ ਇਸ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਕਿਹੋ ਜਿਹਾ ਨਿਵੇਸ਼ ਕੀਤਾ ਜਾ ਰਿਹਾ ਹੈ ਤੇ ਕਿਸ ਤਰ੍ਹਾਂ ਅਸੀਂ ਸਾਡੇ ਲੋਕਾਂ, ਸਾਡੇ ਅਰਥਚਾਰੇ ਤੇ ਸਾਡੇ ਨਿੱਕੇ ਕਾਰੋਬਾਰਾਂ ਉੱਤੇ ਪੈਣ ਵਾਲੇ ਇਸ ਦੇ ਪ੍ਰਭਾਵ ਨੂੰ ਘਟਾਉਣ ਲਈ ਕੰਮ ਕਰ ਰਹੇ ਹਾਂ।
ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਰਕਾਰ ਦੇਸ਼ ਭਰ ਵਿੱਚ ਇਸ ਵਾਇਰਸ ਖਿਲਾਫ ਆਪਸੀ ਤਾਲਮੇਲ ਬਣਾ ਕੇ ਚੱਲ ਰਹੀ ਹੈ। ਕੈਨੇਡਾ ਸਰਕਾਰ ਵੱਲੋਂ ਦੇਸ਼ ਵਿੱਚ ਤੇ ਦੁਨੀਆ ਭਰ ਲਈ ਨਵੇਂ ਨਿਵੇਸ਼ ਪ੍ਰਸਤਾਵਿਤ ਕੀਤੇ ਗਏ ਹਨ। ਇਨ੍ਹਾਂ ਤਹਿਤ ਕੈਨੇਡੀਅਨਾਂ ਨੂੰ ਸਹੀ ਫੈਸਲੇ ਲੈਣ ਵਿੱਚ ਮਦਦ ਕਰਨ ਤੇ ਉਨ੍ਹਾਂ ਦੀ ਸਿਹਤ ਦੀ ਸੰਭਾਲ ਸ਼ਾਮਲ ਹੋਵੇਗੀ, ਕੋਵਿਡ-19 ਬਾਰੇ ਕਮਿਊਨਿਕੇਸ਼ਨ ਤੇ ਜਨਤਾ ਨੂੰ ਸਿੱਖਿਅਤ ਕਰਨ ਦੇ ਨਾਲ ਨਾਲ ਕੈਨੇਡੀਅਨਾਂ ਦੀ ਸਿਹਤ ਦੀ ਸਾਂਭ ਲਈ ਪਬਲਿਕ ਹੈਲਥ ਏਜੰਸੀ ਵਾਸਤੇ 50 ਮਿਲੀਅਨ ਡਾਲਰ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪਬਲਿਕ ਹੈਲਥ ਲਈ ਹੋਰ ਤਿਆਰੀਆਂ ਵਾਸਤੇ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਹੈਲਥ ਕੇਅਰ ਸਿਸਟਮ ਨੂੰ ਅਪਡੇਟ ਕਰਨ ਲਈ 500 ਮਿਲੀਅਨ ਡਾਲਰ ਹੋਰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਟੈਸਟਿੰਗ, ਸਾਜ਼ੋ ਸਮਾਨ ਖਰੀਦਣ, ਸਰਵੇਲੈਂਸ ਤੇ ਮਾਨੀਟਰਿੰਗ ਵਧਾਉਣ ਲਈ ਵੀ ਵਿਸ਼ੇਸ਼ ਕਦਮ ਚੁੱਕੇ ਜਾਣਗੇ। ਸਰਕਾਰ ਦਾ ਮੰਨਣਾ ਹੈ ਕਿ ਹਸਪਤਾਲਾਂ ਤੇ ਹੈਲਥ ਸਿਸਟਮਜ਼ ਲਈ ਲੋੜੀਂਦੀ ਤਿਆਰੀ ਵਾਸਤੇ ਵਿੱਤੀ ਸਥਿਤੀ ਬਾਰੇ ਵਿਚਾਰ ਕਰਨਾ ਕੋਈ ਅੜਿੱਕੇ ਵਾਲਾ ਕੰਮ ਨਹੀਂ ਹੋਣਾ ਚਾਹੀਦਾ।
ਜਿਹੜੇ ਵਰਕਰ ਖੁਦ ਨੂੰ ਕੋਵਿਡ-19 ਕਾਰਨ ਅਲੱਗ ਥਲੱਗ ਕਰਦੇ ਹਨ ਜਾਂ ਜਿਨ੍ਹਾਂ ਨੂੰ ਅਲੱਗ ਰਹਿਣ ਦੀ ਤਾਕੀਦ ਕੀਤੀ ਜਾਂਦੀ ਹੈ ਤੇ ਜਿਹੜੇ ਇੰਪਲਾਇਮੈਂਟ ਇੰਸੋ਼ਰੈਂਸ (ਈਆਈ) ਸਿੱਕਨੈਸ ਬੈਨੇਫਿਟਸ ਚਾਹੁੰਦੇ ਹਨ ਉਨ੍ਹਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਉਨ੍ਹਾਂ ਦੇ ਕਲੇਮ ਦੀ ਬਣਦੀ ਰਕਮ ਮੁਹੱਈਆ ਕਰਵਾਈ ਜਾਵੇ। ਇਸ ਤੋਂ ਇਲਾਵਾ ਹੋਰਨਾਂ ਪ੍ਰਭਾਵਿਤ ਕੈਨੇਡੀਅਨਾਂ ਤੇ ਵਰਕਰਜ਼ ਲਈ ਵੀ ਕਈ ਅਹਿਮ ਫੈਸਲੇ ਲਏ ਗਏ ਹਨ। ਇਸ ਦੇ ਨਾਲ ਹੀ ਸਰਵੇਲੈਂਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਨੈਸ਼ਨਲ ਮਾਇਕ੍ਰੋਬਾਇਓਲਾਜੀ ਲੈਬੋਰੇਟਰੀ ਵਿੱਚ ਟੈਸਟਿੰਗ ਵਿੱਚ ਵਾਧਾ ਕੀਤਾ ਗਿਆ ਹੈ, ਫਰਸਟ ਨੇਸ਼ਨਜ਼ ਤੇ ਇਨੁਇਟ ਕਮਿਊਨਿਟੀਜ਼ ਨੂੰ ਵੀ ਬਣਦਾ ਸਹਿਯੋਗ ਦਿੱਤਾ ਜਾਵੇਗਾ। ਇਸ ਲਈ 100 ਮਿਲੀਅਨ ਡਾਲਰ ਮੁਹੱਈਆ ਕਰਵਾਏ ਗਏ ਹਨ।
ਇਸ ਤੋਂ ਪਹਿਲਾਂ ਫੌਰੀ ਪਬਲਿਕ ਹੈਲਥ ਸਹਿਯੋਗ ਲਈ ਸਰਕਾਰ ਵੱਲੋਂ 50 ਮਿਲੀਅਨ ਡਾਲਰ ਮੁਹੱਈਆ ਕਰਵਾਏ ਜਾ ਚੱੁਕੇ ਹਨ। ਇਸ ਤੋਂ ਇਲਾਵਾ ਐਂਟੀਵਾਇਰਲਜ਼ ਖੋਜਣ, ਵੈਕਸਿਨ ਤਿਆਰ ਕਰਨ ਤੇ ਕਲੀਨਿਕਲ ਟਰਾਇਲਜ਼ ਲਈ ਸਰਕਾਰ ਵੱਲੋਂ 275 ਮਿਲੀਅਨ ਡਾਲਰ ਦਿੱਤੇ ਜਾ ਰਹੇ ਹਨ। ਇੱਥੇ ਹੀ ਬੱਸ ਨਹੀਂ ਕੈਨੇਡਾ ਵਿੱਚ ਕੋਰੋਨਾਵਾਇਰਸ ਦੀ ਰਿਸਰਚ ਲਈ ਸਰਕਾਰ ਵੱਲੋਂ 27 ਮਿਲੀਅਨ ਡਾਲਰ ਦਾ ਫੰਡ ਵੀ ਐਲਾਨਿਆ ਗਿਆ ਹੈ।