ਓਟਵਾ, 28 ਅਪਰੈਲ  : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਕੈਨੇਡਾ ਵੱਲੋਂ 10 ਮਿਲੀਅਨ ਡਾਲਰ ਭੇਜੇ ਜਾਣਗੇ। ਉਨ੍ਹਾਂ ਆਖਿਆ ਕਿ ਉਸ ਦੇਸ਼ ਦੇ ਹੈਲਥ ਕੇਅਰ ਸਿਸਟਮ ਦੀ ਮਦਦ ਲਈ ਇੰਡੀਅਨ ਰੈੱਡ ਕਰੌਸ ਨੂੰ ਕੈਨੇਡੀਅਨ ਰੈੱਡ ਕਰੌਸ ਰਾਹੀਂ ਇਹ ਰਕਮ ਪਹੁੰਚਾਈ ਜਾਵੇਗੀ।
ਟਰੂਡੋ ਨੇ ਆਖਿਆ ਕਿ ਇਹ ਰਕਮ ਐਂਬੂਲੈਂਸ ਸਰਵਿਸਿਜ਼ ਤੇ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ ਖਰੀਦਣ ਲਈ ਹੋਵੇਗੀ। ਮੰਗਲਵਾਰ ਨੂੰ ਭਾਰਤ ਵਿੱਚ ਕਰੋਨਾਵਾਇਰਸ ਦੇ 323,144 ਨਵੇਂ ਮਾਮਲੇ ਸਾਹਮਣੇ ਆਏ ਤੇ ਹੁਣ ਤੱਕ 17·6 ਮਿਲੀਅਨ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਸ ਸਮੇਂ ਭਾਰਤ ਇਸ ਮਾਮਲੇ ਵਿੱਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ਉੱਤੇ ਹੈ। ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਪਿਛਲੇ 24 ਘੰਟਿਆਂ ਵਿੱਚ 2,771 ਮੌਤਾਂ ਰਿਪੋਰਟ ਕੀਤੀਆਂ ਗਈਆਂ। ਹਰ ਘੰਟੇ ਇਸ ਵਾਇਰਸ ਕਾਰਨ ਭਾਰਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਕ ਤੌਰ ਉੱਤੇ 115 ਦੱਸੀ ਗਈ ਹੈ ਜਦਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਲਿਆਂਦੇ ਜਾ ਰਹੇ।
ਟਰੂਡੋ ਨੇ ਆਖਿਆ ਕਿ ਕਈ ਹੋਰ ਮੰਤਰੀ ਵੀ ਆਪਣੇ ਭਾਰਤੀ ਹਮਰੁਤਬਾ ਅਧਿਕਾਰੀਆਂ ਨਾਲ ਰਾਬਤਾ ਰੱਖ ਕੇ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਕੈਨੇਡਾ ਹੋਰ ਕਿਸ ਤਰ੍ਹਾਂ ਦੀ ਮਦਦ ਕਰ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ, ਯੂਕੇ ਤੇ ਫਰਾਂਸ ਵੱਲੋਂ ਵੀ ਵੈਕਸੀਨ ਨਾਲ ਸਬੰਧਤ ਸਮੱਗਰੀ, ਵੈਂਟੀਲੇਟਰਜ਼, ਆਕਸੀਜ਼ਨ ਤੇ ਹੋਰ ਸਪਲਾਈ ਭਾਰਤ ਭੇਜਣ ਦਾ ਤਹੱਈਆ ਪ੍ਰਗਟਾਇਆ ਹੈ।