ਨਵੀਂ ਦਿੱਲੀ, 10 ਜਨਵਰੀ
ਕੋਵਿਡ-19 ਮਹਾਮਾਰੀ ਦੀ ਵਧਦੀ ਤੀਜੀ ਲਹਿਰ ਵਿਚਾਲੇ ਦਿੱਲੀ ਤੇ ਦੇਸ਼ ਦੇ ਹੋਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਅੱਜ ਤੋਂ 60 ਸਾਲ ਜਾਂ ਵੱੱਧ ਉਮਰ ਦੇ ਲੋਕਾਂ, ਸਿਹਤ ਕਾਮਿਆਂ ਅਤੇ ਫ਼ਰੰਟ ਲਾਈਨ ਵਰਕਰਾਂ ਨੂੰ ਕੋਵਿਡ-19 ਟੀਕੇ ਦੀ ਤੀਜੀ ਜਾਂ ‘ਇਹਤਿਆਤੀ ਖੁਰਾਕ’ ਦੇਣ ਦੀ ਸ਼ੁਰੂਆਤ ਕੀਤੀ ਗਈ। ਤੀਜੀ ਖੁਰਾਕ ਇਸ ਸ਼੍ਰੇਣੀ ਦੇ ਉਨ੍ਹਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਨੌਂ ਮਹੀਨੇ ਪਹਿਲਾਂ ਟੀਕੇ ਦੀ ਦੂਜੀ ਖੁਰਾਕ ਲਈ ਸੀ। ਅਜਿਹੇ ਕਰੀਬ ਤਿੰਨ ਲੱਖ ਲੋਕ ਅੱਜ ਤੋਂ ਤੀਜੀ ਖੁਰਾਕ ਪ੍ਰਾਪਤ ਕਰਨ ਦੇ ਯੋਗ ਹਨ। ਲਾਭਪਾਤਰੀਆਂ ਨੂੰ ਉਸੇ ਟੀਕ ਦੀ ਖੁਰਾਕ ਦਿੱਤੀ ਜਾਵੇਗੀ ਜੋ ਉਨ੍ਹਾਂ ਨੂੰ 39 ਹਫ਼ਤੇ ਪਹਿਲਾਂ ਲਗਾਇਆ ਗਿਆ ਸੀ। ਉਨ੍ਹਾਂ ਨੂੰ ਮੌਜੂਦਾ ਕੋਵਿਨ ਅਕਾਊਂਟ ਦਾ ਇਸਤੇਮਾਲ ਕਰਦੇ ਹੋਏ ਸਲਾਟ ਬੁੱਕ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵੇਦਨਸ਼ੀਲ ਲੋਕਾਂ ਅਤੇ ਕਰੋਨਾਵਾਇਰਸ ਨਾਲ ਪੀੜਤ ਹੋਣ ਦੇ ਜ਼ਿਆਦਾ ਜੋਖਮ ਵਾਲੇ ਲੋਕਾਂ ਲਈ ਇਹਤਿਆਤੀ ਖੁਰਾਕ ਦਾ 24 ਨੂੰ ਐਲਾਨ ਕੀਤਾ ਸੀ।