ਓਟਵਾ, 17 ਮਾਰਚ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਿਦੇਸ਼ਾਂ ਨੂੰ ਗਏ ਕੈਨੇਡੀਅਨਾਂ ਨੂੰ ਅਜੇ ਵੀ ਦੇਸ਼ ਪਰਤ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਕੈਨੇਡਾ ਗੈਰ ਕੈਨੇਡੀਅਨ ਨਾਗਰਿਕਾਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਰਿਹਾ ਹੈ। ਅਜਿਹਾ ਕੋਵਿਡ-19 ਨੂੰ ਹੋਰ ਫੈਲਣ ਤੋਂ ਰੋਕਣ ਲਈ ਕੀਤਾ ਜਾ ਰਿਹਾ ਹੈ।
ਸਥਾਈ ਕੈਨੇਡੀਅਨ ਵਾਸੀਆਂ, ਕੈਨੇਡੀਅਨ ਨਾਗਰਿਕਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ, ਡਿਪਲੋਮੈਟਸ, ਏਅਰ ਕ੍ਰਿਊ ਤੇ ਅਮਰੀਕੀ ਨਾਗਰਿਕਾਂ ਨੂੰ ਅਜੇ ਵੀ ਕੈਨੇਡਾ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਪਰ 18 ਮਾਰਚ ਰਾਤੀਂ 12:00 ਵਜੇ ਤੋਂ ਬਾਅਦ ਕੈਨੇਡਾ ਵਿੱਚ ਦਾਖਲੇ ਉੱਤੇ ਪਾਬੰਦੀ ਲੱਗ ਜਾਵੇਗੀ। ਟਰੂਡੋ ਨੇ ਆਖਿਆ ਕਿ ਜੇ ਤੁਸੀਂ ਵਿਦੇਸ਼ ਵਿੱਚ ਹੋਂ ਤਾਂ ਇਹ ਸਮਾਂ ਹੈ ਕਿ ਤੁਸੀਂ ਦੇਸ਼ ਪਰਤ ਆਵੋਂ। ਜੇ ਤੁਸੀਂ ਅਜੇ ਕੈਨੇਡਾ ਪਰਤੇ ਹੀ ਹੋਂ ਤਾਂ ਤੁਹਾਨੂੰ 14 ਦਿਨਾਂ ਲਈ ਖੁਦ ਨੂੰ ਸੈਲਫ ਆਈਸੋਲੇਟ ਕਰਕੇ ਰੱਖਣਾ ਹੋਵੇਗਾ ਅਤੇ ਆਖਿਰਕਾਰ ਸਾਰੇ ਕੈਨੇਡੀਅਨਾਂ ਨੂੰ ਜਿਨਾਂ ਹੋ ਸਕੇ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ।
ਜਿਸ ਕਿਸੇ ਨੂੰ ਕੋਵਿਡ-19 ਦੇ ਲੱਛਣ ਹੋਣਗੇ ਉਹ ਕੈਨੇਡਾ ਵਿੱਚ ਦਾਖਲ ਨਹੀਂ ਹੋ ਸਕੇਗਾ। ਏਅਰ ਆਪਰੇਟਰਜ਼ ਨੂੰ ਵੀ ਅਜਿਹੇ ਕਿਸੇ ਵੀ ਵਿਅਕਤੀ ਨੂੰ ਸਫਰ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਗਈ ਹੈ ਕਿ ਜੇ ਕਿਸੇ ਵਿੱਚ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਜਹਾਜ਼ ਨਾ ਚੜ੍ਹਨ ਦਿੱਤਾ ਜਾਵੇ। ਇਸ ਸਮੇਂ ਕੈਨੇਡਾ ਤੋਂ ਬਾਹਰ ਰਹਿ ਰਹੇ ਕੈਨੇਡੀਅਨਾਂ ਨੂੰ ਟਰੂਡੋ ਨੇ ਆਖਿਆ ਕਿ ਉਹ ਜਾਣਦੇ ਹਨ ਕਿ ਇਸ ਖਬਰ ਨਾਲ ਚਿੰਤਾ ਵਧ ਜਾਵੇਗੀ।
ਪ੍ਰਧਾਨ ਮੰਤਰੀ ਨੇ ਆਖਿਆ ਕਿ ਇਸ ਸਮੇਂ ਵਿਦੇਸ਼ਾਂ ਵਿੱਚ ਰਹਿ ਰਹੇ ਕੈਨੇਡੀਅਨਾਂ ਦੇ ਸਹਿਯੋਗ ਲਈ ਸਰਕਾਰ ਅਜਿਹੇ ਪ੍ਰੋਗਰਾਮ ਦੀ ਮਦਦ ਲਵੇਗੀ ਜਿਸ ਰਾਹੀਂ ਉਨ੍ਹਾਂ ਨੂੰ ਘਰ ਲਿਆਉਣ ਵਿੱਚ ਮਦਦ ਮਿਲੇਗੀ ਤੇ ਜਾਂ ਫਿਰ ਪਰਤਣ ਦੀ ਉਡੀਕ ਕਰ ਰਹੇ ਕੈਨੇਡੀਅਨਾਂ ਦੀਆਂ ਮੂਲ ਲੋੜਾਂ ਪੂਰੀਆਂ ਹੋ ਸਕਣਗੀਆਂ। ਉਨ੍ਹਾਂ ਰਿਡਿਊ ਕਾਟੇਜ ਵਿੱਚ ਸੈਲਫ ਆਈਸੋਲੇਸ਼ਨ ਵਿੱਚ ਰਹਿੰਦਿਆਂ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਫੈਡਰਲ ਸਰਕਾਰ ਵੱਲੋਂ ਚੱੁਕੇ ਜਾ ਰਹੇ ਕਦਮਾਂ ਬਾਰੇ ਕੈਨੇਡੀਅਨਾਂ ਨੂੰ ਅਪਡੇਟ ਕੀਤਾ।
ਟਰੂਡੋ ਨੇ ਆਖਿਆ ਕਿ ਇਹ ਵਾਇਰਸ ਤੇਜ਼ੀ ਨਾਲ ਪੂਰੀ ਦੁਨੀਆਂ ਵਿੱਚ ਫੈਲ ਰਿਹਾ ਹੈ ਤੇ ਕੈਨੇਡਾ ਵੀ ਇਸ ਤੋਂ ਬਚਿਆ ਹੋਇਆ ਨਹੀਂ ਹੈ। ਇਸ ਲਈ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣ ਲਈ ਕੈਨੇਡਾ ਸਖ਼ਤ ਮਾਪਦੰਡ ਅਪਣਾ ਰਿਹਾ ਹੈ। ਟਰੂਡੋ ਨੇ ਉਡਾਨਾਂ ਸਬੰਧੀ ਹੋਰ ਪਾਬੰਦੀਆਂ ਦਾ ਵੀ ਐਲਾਨ ਕੀਤਾ ਜਿਹੜੀਆਂ ਬੁੱਧਵਾਰ ਤੋਂ ਹੀ ਪ੍ਰਭਾਵੀ ਹੋਣਗੀਆਂ। ਇਸ ਤੋਂ ਬਾਅਦ ਕੁਝ ਕੌਮਾਂਤਰੀ ਉਡਾਨਾਂ ਵਧੇਰੇ ਸਕਰੀਨਿੰਗ ਲਈ ਮਾਂਟਰੀਅਲ, ਟੋਰਾਂਟੋ, ਕੈਲਗਰੀ ਜਾਂ ਵੈਨਕੂਵਰ ਰਾਹੀਂ ਰੀਰੂਟ ਕੀਤੀਆਂ ਜਾਣਗੀਆਂ। ਕੈਰੇਬੀਆ, ਮੈਕਸਿਕੋ ਤੇ ਅਮਰੀਕਾ ਦੀਆਂ ਉਡਾਨਾਂ ਆਪਣੀ ਪਹਿਲੀ ਯੋਜਨਾ ਮੁਤਾਬਕ ਹੀ ਨਿਰਧਾਰਤ ਏਅਰਪੋਰਟਸ ਉੱਤੇ ਉਤਰ ਸਕਣਗੀਆਂ।
ਟਰੂਡੋ ਨੇ ਆਖਿਆ ਕਿ ਇਹ ਸਰਹੱਦੀ ਪਾਬੰਦੀਆਂ ਵਣਜ ਜਾਂ ਵਪਾਰ ਉੱਤੇ ਲਾਗੂ ਨਹੀਂ ਹੋਣਗੀਆਂ ਤੇ ਉਤਪਾਦ ਦੇਸ਼ ਤੋਂ ਅੰਦਰ ਬਾਹਰ ਆਉਂਦੇ ਜਾਂਦੇ ਰਹਿਣਗੇ। ਇਹ ਪੁੱਛੇ ਜਾਣ ਉੱਤੇ ਕਿ ਇਹ ਪਾਬੰਦੀਆਂ ਅਮਰੀਕਾ ਉੱਤੇ ਕਿਉਂ ਨਹੀਂ ਲਾਈਆਂ ਗਈਆਂ ਜਦਕਿ ਉੱਥੇ ਵੀ ਐਮਰਜੰਸੀ ਵਾਲੇ ਹਾਲਾਤ ਹਨ, ਤਾਂ ਟਰੂਡੋ ਨੇ ਆਖਿਆ ਕਿ ਕੈਨੇਡਾ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਅਮਰੀਕਾ ਨੂੰ ਵੱਖਰੀ ਵੰਨਗੀ ਵਿੱਚ ਰੱਖਦਾ ਹੈ ਪਰ ਫਿਰ ਵੀ ਫੈਡਰਲ ਸਰਕਾਰ ਹਾਲਾਤ ਉੱਤੇ ਨਜ਼ਰ ਰੱਖ ਰਹੀ ਹੈ।
ਟਰੂਡੋ ਨੇ ਇਹ ਵੀ ਆਖਿਆ ਕਿ ਹੋਰ ਮਾਪਦੰਡ ਵੀ ਭਲਕ ਤੱਕ ਜਲਦੀ ਆ ਰਹੇ ਹਨ।