ਡਾ. ਕਰਨਜੀਤ ਸਿੰਘ
ਕੋਈ ਵੀ ਭਿਆਨਕ ਬਿਮਾਰੀ ਜਾਂ ਮਹਾਮਾਰੀ ਨੂੰ ਰੋਕਣ ਲਈ ਵੈਕਸੀਨ, ਇਕ ਸਪੈਸ਼ਲ ਕਿਸਮ ਦੀ ਦਵਾਈ ਹੈ, ਜੋ ਸਾਡੇ ਸਰੀਰ ਨੂੰ ਉਸ ਬਿਮਾਰੀ ਵਿਰੁੱਧ ਲੜਨ ਦੇ ਸਮੱਰਥ ਬਣਾਉਂਦੀ ਹੈ। ਬੀ.ਸੀ.ਜੀ. ਪਹਿਲੀ ਵਿਕਸਤ ਵੈਕਸੀਨ ਨੇ ਭਾਵੇਂ ਤਪਦਿਕ ਰੋਗ ਨੂੰ ਬਿਲਕੁਲ ਖ਼ਤਮ ਨਹੀਂ ਕੀਤਾ ਹੈ, ਪਰੰਤੂ ਇਸ ਬਿਮਾਰੀ ਦੇ ਭਿਆਨਕ ਰੂਪ ਨੂੰ ਕਾਫੀ ਹੱਦ ਤੱਕ ਠੱਲਿਆ ਹੈ। ਵੈਕਸੀਨ ਬਨਾਉਣ ਵਿਚ ਸਾਲਾਂਬੱਧੀ ਸਮਾਂ ਲੱਗ ਜਾਂਦਾ ਹੈ। ਬਹੁਤ ਵਿਧੀਆਂ ਵਿਚੋਂ ਦੀ ਗੁਜ਼ਰ ਕੇ ਆਖ਼ਿਰ ਵਿਚ ਮਨੁੱਖੀ ਟਰਾਇਲ ਕੀਤਾ ਜਾਂਦਾ ਹੈ। ਇਸ ਅਜਮਾਇਸ਼ ਵਿਚ ਇਹ ਦੇਖਿਆ ਜਾਂਦਾ ਹੈ ਕਿ ਵੈਕਸੀਨ ਦੀ ਕਿੰਨੀ ਮਾਤਰਾ ਦੇਣੀ ਹੈ, ਕਿੰਨੇ ਚਿਰ ਬਾਅਦ ਦੂਸਰੀ ਡੋਜ਼ ਲਗਾਉਣੀ ਹੈ, ਕਿਸ ਉਮਰ ਦੇ ਵਿਅਕਤੀਆਂ ਨੂੰ ਲਗਾਉਣੀ ਹੈ, ਨੁਕਸਾਨ ਕੀ ਹੋਣਗੇ, ਘੱਟ ਤੋਂ ਘੱਟ ਕਿੰਨੇ ਵਿਅਕਤੀਆਂ ਦੀ ਇਸ ਟਰਾਇਲ ਵਿਚ ਸ਼ਮੂਲੀਅਤ ਹੋਣੀ ਚਾਹੀਦੀ ਹੈ, ਵਗੈਰਾ ਵਗੈਰਾ ਇਨ੍ਹਾਂ ਸਾਰੇ ਪੜਾਵਾਂ ਵਿਚੋਂ ਦੀ ਗੁਜ਼ਰ ਕੇ ਸਾਇੰਸਦਾਨਾਂ ਨੂੰ ਜਵਾਬ ਦੇਣਾ ਹੁੰਦਾ ਹੈ। ਇਸ ਉਪਰੰਤ ਹੀ ਨਤੀਜਿਆਂ ਦੀ ਘੋਖ ਪੜਤਾਲ ਸਰਕਾਰ ਵਲੋਂ ਨਿਰਧਾਰਤ ਅਥਾਰਿਟੀ ਕੋਲ ਪੇਸ਼ ਕੀਤੀ ਜਾਂਦੀ ਹੈ। ਸਾਇੰਸਦਾਨਾਂ ਦੀਆਂ ਕਮੇਟੀਆਂ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਵੀ ਦੇਖਦੀਆਂ ਹਨ ਕਿ ਇਸ ਦਵਾਈ/ਵੈਕਸੀਨ ਦੀ ਅਜ਼ਮਾਇਸ਼ ਉਨ੍ਹਾਂ ਦੇ ਆਪਣੇ ਮੁਲਕ ਦੇ ਨਾਗਰਿਕਾਂ ’ਤੇ ਕੀਤੀ ਹੈ ਕਿ ਨਹੀਂ ? ਭਾਰਤ ਵਿਚ ਇਹ ਪੱਖ ਵਿਚਾਰਨ ਤੋਂ ਬਾਅਦ ਹੀ ਵੈਕਸੀਨ ਨੂੰ ਮਾਰਕੀਟ ਵਿਚ ਉਤਾਰਨ ਦੀ ਇਜਾਜ਼ਤ ਸਰਕਾਰ ਵਲੋਂ ਦਿੱਤੀ ਜਾਂਦੀ ਹੈ। 1918 ਦੇ ਸਪੈਨਿਸ਼ ਫਲੂ ਵੇਲੇ ਵੀ ਸਾਇੰਸਦਾਨਾਂ ਨੇ ਵੈਕਸੀਨ ਬਣਾਉਣੀ ਛੇਤੀ ਹੀ ਸ਼ੁਰੂ ਕਰ ਦਿੱਤੀ ਸੀ। ਘੱਟ ਵਿਕਸਤ ਸਾਇੰਸ ਨੇ ਇਸ ਨੂੰ ਬਣਾਉਣ ਵਾਸਤੇ ਬਹੁਤ ਲੰਮਾ ਸਮਾਂ ਲਾਇਆ। ਵੈਕਸੀਨ ਤਕਰੀਬਨ 20 ਸਾਲ ਬਾਅਦ 1940 ਵਿਚ ਮਾਰਕੀਟ ਵਿਚ ਉਪਲੱਬਧ ਹੋਈ। ਹੈਰਾਨੀ ਇਹ ਹੈ ਕਿ ਫਿਰ ਵੀ ਸਪੈਨਿਸ਼ ਫਲੂ ਕਿਵੇਂ ਖ਼ਤਮ ਹੋਇਆ ? ਲੋਕਾਂ ਨੇ ਹੀ ਇਸ ਨੂੰ ਰੋਕਿਆ। ਅਮਰੀਕਾ, ਯੂਰਪੀਅਨ ਅਤੇ ਹੋਰ ਮੁਲਕਾਂ ਨੇ ਅਨੁਸ਼ਾਸਨ ਵਿਚ ਰਹਿ ਕੇ ਫੇਸ ਮਾਸਕ ਨੂੰ ਅਪਣਾਇਆ ਅਤੇ ਮਹਾਮਾਰੀ ਨੂੰ ਪਛਾੜਿਆ। ਉਸ ਵੇਲੇ ਵੀ ਇਹ ਵੈਕਸੀਨ ਕਿਸ ਦੇ ਨਸੀਬ ਵਿਚ ਆਈ, ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਪਰੰਤੂ ਇਹ ਸਪਸ਼ਟ ਹੈ ਕਿ ਅਮੀਰ ਮੁਲਕਾਂ ਨੇ ਦੂਜੀ ਵਿਸ਼ਵ ਜੰਗ ਦੌਰਾਨ ਇਸ ਨੂੰ ਸਰਮਾਏ ਦੇ ਤੌਰ ’ਤੇ ਵਰਤਿਆ। ਰਾਸ਼ਟਰਵਾਦ ਦੀ ਮਿਸਾਲ ਦੇ ਕੇ ਆਪਣੀਆਂ ਫੌਜਾਂ ਨੂੰ ਸੁਰੱਖਿਅਤ ਕੀਤਾ।
ਸਾਲ 2009 ਵਿਚ ਜਦੋਂ ਸਵਾਈਨ ਫਲੂ ਵੈਕਸੀਨ ਉਪਲੱਬਧ ਹੋਈ ਤਾਂ ਵਿਕਸਤ ਅਤੇ ਅਮੀਰ ਮੁਲਕਾਂ ਨੇ ਫਿਰ ਰਾਸ਼ਟਰਵਾਦ ਦੀ ਮਿਸਾਲ ਦਿੰਦਿਆ ਜਮਾਂਖੋਰੀ ਦੇ ਰੂਪ ਵਿਚ ਇਸ ਨੂੰ ਇਕੱਠਾ ਕਰ ਲਿਆ। ਵੈਕਸੀਨ ਦੇ ਆਰਡਰ ਕੰਪਨੀਆਂ ਨੂੰ ਪਹਿਲਾਂ ਤੋਂ ਹੀ ਦੇ ਕੇ ਆਪਣਿਆ ਲਈ ਰੱਖ ਲਿਆ। ਇਸ ਦੇ ਫਲਸਰੂਪ ਬਹੁਤੇ ਵਿਕਾਸਸ਼ੀਲ ਅਤੇ ਗਰੀਬ ਮੁਲਕਾਂ ਦੇ ਹੱਥ ਕੁਝ ਵੀ ਨਾ ਆਇਆ। ਆਖ਼ਿਰ ਤਰਲੇ ਮਿੰਨਤਾਂ ਤੋਂ ਬਾਅਦ ਅਮਰੀਕਾ (ਯੂ.ਐਸ.ਏ) ਅਤੇ ਯੂਰਪੀਅਨ ਮੁਲਕਾਂ ਨੇ 10 ਪ੍ਰਤੀਸ਼ਤ ਵੈਕਸੀਨ ਅਫ਼ਰੀਕੀ ਮੁੁਲਕਾਂ ਨੂੰ ਭੀਖ ਸਮਝ ਕੇ ਦੇ ਦਿੱਤੀ। ਇੱਥੇ ਹੀ ਬਸ ਨਹੀਂ, ਇਹੋ ਹਾਲ ਐਚ.ਆਈ.ਵੀ. ਦੀਆਂ ਦਵਾਈਆਂ ਨਾਲ ਵੀ ਹੋਇਆ। ਸਭ ਤੋਂ ਜ਼ਿਆਦਾ ਪ੍ਰਭਾਵਿਤ ਅਫ਼ਰੀਕੀ ਮੁੁਲਕਾਂ ਵਿਚ ਐਚ.ਆਈ.ਵੀ. ਦੀਆਂ ਦਵਾਈਆਂ ਵਿਕਸਤ ਹੋਣ ਤੋਂ ਬਾਅਦ ਕਈ ਸਾਲਾਂ ਬਾਅਦ ਪੀੜਤਾਂ ਨੂੰ ਮਿਲੀਆਂ। ਕੀ ਇਹ ਮਨੁੱਖਤਾ ਹੈ? ਕੀ ਇਹੋ ਜਿਹਾ ਰਾਸ਼ਟਰਵਾਦ ਦੁਨੀਆਂ ਦੇ ਦੂਸਰੇ ਮੁਲਕਾਂ ਲਈ ਦਿਖਾਵਾ ਹੈ ਜਾਂ ਇਕ ਜੰਗ ਲਈ ਲੁਕਾ ਕੇ ਰੱਖਿਆ ਗਿਆ ਹਥਿਆਰ ? ਕੋਵਿਡ ਵੈਕਸੀਨ ਦਾ ਹਾਲ ਵੀ ਕਿਤੇ ਇਹੋ ਜਿਹਾ ਨਾ ਹੋਵੇ, ਦੇਖਦੇ ਰਹੋ, ਛੇਤੀ ਹੀ ਪੱਲੇ ਪੈ ਜਾਵੇਗਾ। ਇਸ ਬਾਰੇ ਕੁਝ ਕੱਚੇ ਸੱਚੇ ਅਤੇ ਕੋੜੇ ਸੱਚ ਰੋਜ਼ ਅਖਬਾਰਾਂ ਵਿਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਭਾਵੇਂ ਅਸੀਂ ਬਹੁਤ ਬੇਸਬਰੀ ਨਾਲ ਕੋਵਿਡ ਵੈਕਸੀਨ ਦੀ ਉਡੀਕ ਕਰ ਰਹੇ ਹਾਂ, ਪਰੰਤੂ ਇਹ ਵੀ ਸੋਚਣਾ ਜ਼ਰੂਰੀ ਹੈ ਕਿ ਕੀ ਕੋਵਿਡ ਵੈਕਸੀਨ ਇਕ ਚਮਤਕਾਰੀ ਪ੍ਰਗਟਾਵਾ ਕਰਕੇ ਕਰੋਨਾ ਨੂੰ ਭਜਾ ਦੇਵੇਗੀ ? ਇਸ ਵੇਲੇ ਦੀ ਸਥਿਤੀ ਦਾ ਸਾਹਮਣਾ ਮਾਸਕ ਵੈਕਸੀਨ ਪਹਿਨਾ ਕੇ ਕਰਨਾ ਚਾਹੀਦਾ ਹੈ। ਇਹੋ ਵੈਕਸੀਨ ਹੀ ਤੁਹਾਨੂੰ ਬਚਾਏਗੀ ਅਤੇ ਗਰੀਬ ਮੁਲਕਾਂ ਵਾਸਤੇ ਵਰਦਾਨ ਸਿੱਧ ਹੋਵੇਗੀ।
ਕੋਵਿਡ ਵੈਕਸੀਨ ਬਣਾਉਣ ਵਾਸਤੇ 160 ਦੇ ਕਰੀਬ ਅਲਗ ਅਲਗ ਮੁਲਕਾਂ ਦੀਆਂ ਕੰਪਨੀਆਂ ਜੁਟੀਆਂ ਹੋਈਆਂ ਹਨ। ਤਕਰੀਬਨ 30 ਕੰਪਨੀਆਂ ਅਗਲੇਰੀ ਸਟੇਜ ’ਤੇ ਹਨ। ਛੇ ਕੰਪਨੀਆਂ ਨੇ ਤਾਂ ਪਹਿਲੀ ਦੂਸਰੀ ਸਟੇਜ ਪਾਰ ਕਰਨ ਉਪਰੰਤ ਤੀਸਰੇ ਦੌਰ ਦੇ ਮਨੁੱਖੀ ਟਰਾਇਲ ਕਰਨੇ ਸ਼ੁਰੁੂ ਕਰ ਦਿੱਤੇ ਹਨ। ਅਮਰੀਕਾ ਦੀ ਮੋਡਰਨਾ ਕੰਪਨੀ ਇਸ ਦੌੜ ਵਿਚ ਕਾਫ਼ੀ ਮੋਹਰਲੀ ਕਤਾਰ ਵਿਚ ਹੈ। ਇਸੇ ਤਰ੍ਹਾਂ ਔਕਸਫੋਰਡ ਦੀ ਐਸਟਰਾ ਜੈਨਿਕਾ ਅਤੇ ਉਸ ਦੀ ਹਿੰਦੋਸਤਾਨ ਦੀ ਭਾਈਵਾਲ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਯੂਰਪ, ਅਮਰੀਕਾ ਅਤੇ ਭਾਰਤ ਵਿਚ ਮਨੁੱਖੀ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ। ਭਾਰਤ ਵਿਚ 1600 ਵਿਅਕਤੀਆਂ ਨੂੰ ਦੇਸ਼ ਦੇ ਅਲਗ ਅਲਗ ਸ਼ਹਿਰਾਂ ਤੋਂ ਚੁਣਿਆ ਗਿਆ ਹੈ। ਇਥੋਂ ਤਕ ਕਿ ਇਸ ਕੰਪਨੀ ਨੇ ਕਮਰਸ਼ੀਅਲ ਪੱਧਰ ’ਤੇ ਵੈਕਸੀਨ ਬਣਾਉਣੀ ਸ਼ੁਰੂ ਵੀ ਕਰ ਦਿੱਤੀ ਹੈ। ਬਿਲ ਅਤੇ ਮਲਿੰਡਾ ਗੇਟਸ ਫਾਊਂਡੇਸ਼ਨ ਨੇ GAVI (ਗੈਵੀ) ਨੂੰ 150 ਮਿਲੀਅਨ ਡਾਲਰ (ਤਕਰੀਬਨ 1092 ਕਰੋੜ ਰੁਪਏ) ਦੇਣ ਦੀ ਵਚਨਬੱਧਤਾ ਦੁਹਰਾਈ ਹੈ। ਗੈਵੀ ਸੀਰਮ ਇੰਸਟੀਚਿਊਟ ਨੂੰ ਇਹ ਰਕਮ ਇਸ ਸ਼ਰਤ ’ਤੇ ਦੇਵੇਗੀ ਤਾਂ ਕਿ ਗਰੀਬ ਮੁਲਕਾਂ ਜਿਨ੍ਹਾਂ ਵਿਚ ਭਾਰਤ ਵੀ ਸ਼ਾਮਿਲ ਹੈ, ਨੂੰ 10 ਕਰੋੜ ਡੋਜ਼ਜ਼ ਕੋਵਿਡ ਵੈਕਸੀਨ ਸਸਤੇ ਭਾਅ ਵਿਚ ਮੁਹੱਈਆ ਕਰਵਾਏਗੀ। ਇਸ ਮਦਦ ਨਾਲ 1000 ਰੁਪਏ ਦੀ ਵੈਕਸੀਨ ਐਸਟਰਾ ਜੈਨਿਕਾ ਅਤੇ ਇਸ ਦੀ ਸਹਿਯੋਗੀ ਭਾਰਤੀ ਕੰਪਨੀ 90 ਗਰੀਬ ਅਤੇ ਵਿਕਸਤ ਹੋ ਰਹੇ ਮੁਲਕਾਂ ਨੂੰ 250 ਰੁਪਏ ਭਾਅ ਵਿਚ ਦੇਵੇਗੀ। ਸੋਚਣ ਦੀ ਗੱਲ ਹੈ ਭਾਰਤ ਦੀਆਂ ਕਿੰਨੀਆਂ ਕੁ ਕੰਪਨੀਆਂ ਜੋ ਸਰਕਾਰ ਤੋਂ ਜਾਇਜ਼ ਨਾਜਾਇਜ਼ ਆਰਥਿਕ ਅਤੇ ਹੋਰ ਸਹਾਇਤਾ ਲੈਂਦੀਆਂ ਹਨ। ਬਿਲ ਗੇਟਸ ਦੀ ਤਰ੍ਹਾਂ ਅੱਗੇ ਹੋ ਕੇ ਇਹੋ ਜਿਹੀ ਪੇਸ਼ਕਸ਼ ਕਰਦੀਆਂ ਹਨ? ਭਾਰਤ ਦਾ ਇਕੋ ਇਕ ਸਨਅਤਕਾਰ ਰਤਨ ਟਾਟਾ ਹੀ ਇਹੋ ਜਿਹੀ ਪੇਸ਼ਨਗੋਈ ਕਰ ਸਕਦਾ ਹੈ। ਭਾਰਤ ਸਰਕਾਰ ਵਲੋਂ ਅਨਲੋਕ ਫੇਜ਼ ਦੌਰਾਨ ਡਾ. ਵੀ. ਕੇ. ਪਾਲ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਗਈ ਹੈ, ਜੋ ਕੰਪਨੀਆਂ ਨਾਲ ਵੈਕਸੀਨ ਦੀ ਸਪਲਾਈ ਬਾਰੇ ਸ਼ਰਤਾਂ ਨਿਰਧਾਰਤ ਕਰੇਗੀ। ਕਮੇਟੀ ਇਹ ਵੀ ਫੈਸਲਾ ਲਵੇਗੀ ਕਿ ਦੇਸ਼ ਦੇ ਵੱਖ ਵੱਖ ਹਿਸਿਆਂ ਵਿਚ ਕਿਸ ਤਰ੍ਹਾਂ ਸਰਕਾਰੀ ਪੱਧਰ ’ਤੇ ਮੁਫ਼ਤ ਵੈਕਸੀਨ ਮੁਹੱਈਆ ਕਰਵਾਈ ਜਾਵੇਗੀ। ਸਰਕਾਰ ਵਲੋਂ ਇਸ ਤਰ੍ਹਾਂ ਦਾ ਫੈਸਲਾ ਮੀਲ ਪੱਥਰ ਸਾਬਤ ਹੋਵੇਗਾ ਅਤੇ ਰਾਸ਼ਟਰਵਾਦ ਦੀ ਇਕ ਜਿਉਂਦੀ ਜਾਗਦੀ ਮਿਸਾਲ ਹੋਵੇਗੀ । ਇਸੇ ਤਰੀਕੇ ਨਾਲ ਅਮਰੀਕਾ ਨੇ ਛੇ ਕੰਪਨੀਆਂ, ਜੋ ਵੈਕਸੀਨ ਬਣਾਉਂਦੀਆਂ ਹਨ, ਅਗਲੇਰਾ ਸਮਝੌਤਾ ਕਰ ਕੇ 80 ਕਰੋੜ ਡੋਜ਼ਜ਼ ਸਪਲਾਈ ਕਰਨ ਦਾ ਇਕਰਾਰਨਾਮਾ ਕੀਤਾ ਹੈ। ਇਸ ਅਨੁਸਾਰ ਕਿਸੇ ਹੋਰ ਮੁਲਕ ਨੂੰ ਸਪਲਾਈ ਕਰਨ ਤੋਂ ਪਹਿਲਾਂ ਅਮਰੀਕਾ ਨੂੰ ਇਹ ਕੰਪਨੀਆਂ ਪਹਿਲ ਦੇ ਆਧਾਰ ’ਤੇ ਵੈਕਸੀਨ ਸਪਲਾਈ ਕਰਨਗੀਆਂ। 33 ਕਰੋੜ ਦੀ ਆਬਾਦੀ ਨੂੰ ਦੋ ਵਾਰ ਫ਼ਰੀ ਖੁਰਾਕਾ ਦੇਣ ਦੇ ਬਾਵਜੂਦ 15 ਕਰੋੜ ਵੈਕਸੀਨ ਦੀਆਂ ਖੁਰਾਕਾਂ ਵਾਧੂ ਪਈਆਂ ਰਹਿਣਗੀਆਂ। ਕੀ ਇਹ ਰਾਸ਼ਟਰਵਾਦ ਹੈ? ਪਹਿਲਾ ਮੈਂ (Me Too) ਦੇ ਅਸੂਲ ਹਨ ਜਾਂ ਜਮਾਂਖੋਰੀ? ਇਸੇ ਤਰ੍ਹਾਂ ਯੂਰਪੀਅਨ ਯੂਨੀਅਨ ਨੇ ਵੀ 34 ਕਰੋੜ ਡੋਜ਼ਾਂ ਦਾ ਸਮਝੌਤਾ ਕੀਤਾ ਹੈ। ਰੂਸ ਦੇ ਪ੍ਰਧਾਨ ਨੇ ਵੀ ਆਪਣੀ ਸਪੂਤਨੀਕ ਵੈਕਸੀਨ ਨੂੰ ਮਾਰਕੀਟ ਵਿਚ ਉਤਾਰ ਕੇ ਦੂਸਰੇ ਦੇਸ਼ਾਂ ਨਾਲ ਸੰਧੀ ਦੀਆਂ ਤਿਆਰੀਆਂ ਕਰ ਲਈਆਂ ਹਨ ਤਾਂ ਜੋ ਕਮਰਸ਼ੀਅਲ ਪੈਦਾਵਾਰ ਤੋਂ ਬਾਅਦ ਇਹ ਆਪਣੇ ਚਹੇਤਿਆਂ ਨੂੰ ਵੈਕਸੀਨ ਸਪਲਾਈ ਕਰ ਸਕੇ। ਭਾਰਤ ਨੂੰ ਵੀ ਪੇਸ਼ਕਸ਼ ਕੀਤੀ ਗਈ ਹੈ ਪਰੰਤੂ ਸਾਇੰਸਦਾਨਾਂ ਮੁਤਾਬਕ ਅਜੇ ਅੰਕੜਿਆਂ ’ਤੇ ਗੌਰ ਕੀਤਾ ਜਾ ਰਿਹਾ ਹੈ। ਪੁੁਤਿਨ ਸਾਹਿਬ ਨੇ ਇਹ ਦਰਸਾਇਆ ਹੈ ਕਿ ਸਭ ਤੋਂ ਪਹਿਲਾਂ ਉਹ ਆਪਣੇ ਡਾਕਟਰਾਂ ਨੂੰ ਵੈਕਸੀਨ ਦੇਣਗੇ ਜੋ ਸਭ ਦੀਆਂ ਜਾਨਾਂ ਬਚਾਉਂਦੇ ਹਨ। ਇਸ ਬਿਆਨ ਦਾ ਭਰਵਾਂ ਸੁਆਗਤ ਕੀਤਾ ਗਿਆ ਹੈ। ਵੂਹਾਨ (ਚੀਨ) ਵਿਚ ਸਭ ਤੋਂ ਪਹਿਲਾਂ ਕੋਵਿਡ-19 ਦੇ ਕੇਸ ਆਉਣੇ ਸ਼ੁਰੂ ਹੋਏ ਸਨ। ਉਸ ਸਮੇਂ ਤੋਂ ਹੀ ਚੀਨ ਦੀ ਸਰਕਾਰੀ ਕੰਪਨੀ ਸਾਇਨੋਫਾਰਮ ਨੇ ਵੈਕਸੀਨ ਬਣਾਉਣੀ ਸ਼ੁਰੂ ਕਰ ਦਿੱਤੀ ਪਰੰਤੂ ਅਜੇ ਤਕ ਫੇਸ 3 ਮਨੁੱਖੀ ਟਰਾਇਲ ’ਤੇ ਅਟਕੇ ਹੋਏ ਹਨ। ਪਾਕਿਸਤਾਨ ਵਿਚ ਵੀ ਚੀਨ ਦੀ ਵੈਕਸੀਨ ਦਾ ਮਨੁੱਖੀ ਟਰਾਇਲ ਸ਼ੁਰੂ ਹੋਇਆ ਹੈ। ਚੀਨ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਦੇ ਅੰਤ ਤਕ ਇਹ ਵੈਕਸੀਨ ਮਾਰਕੀਟ ਵਿਚ ਆ ਜਾਵੇਗੀ। ਸੱਚਾਈ ਅਤੇ ਅਸਲੀਅਤ ਕੋਈ ਨਹੀਂ ਜਾਣਦਾ ਹੈ।
ਇਸ ਦੇ ਉਲਟ ਕੋਵਿਡ ਵੈਕਸੀਨ ਬਾਰੇ ਟਰੰਪ ਨੇ ਪਹਿਲਾਂ ਤੋਂ ਐਲਾਨ ਕੀਤਾ ਹੈ ਕਿ ਹਰੇਕ ਅਮਰੀਕਨ ਨੂੰ ਫ਼ਰੀ ਲਗਾਈ ਜਾਵੇਗੀ, ਪਰੰਤੂ ਹੁਣ ਇਹ ਚੁਣਾਵੀਂ ਮੁੱਦਾ ਬਣ ਗਿਆ ਹੈ। ਟਰੰਪ ਸਾਹਿਬ ਕਹਿ ਰਹੇ ਹਨ ਕਿ ਐਫ ਡੀ.ਏ. ਮੁਖੀ ਅਤੇ ਪ੍ਰਧਾਨ ਇਸ ਡੂੰਘੀ ਸਾਜ਼ਿਸ਼ ਵਿਚ ਸ਼ਾਮਲ ਹਨ ਅਤੇ ਚੋਣਾਂ ਤੋਂ ਬਾਅਦ ਹੀ ਫੂਡ ਅਤੇ ਡਰੱਗ ਅਗਮਨਿਸਟਰੇਸ਼ਨ ਇਸ ਨੂੰ ਮਾਰਕੀਟ ਵਿਚ ਆਉਣ ਦੀ ਇਜਾਜ਼ਤ ਦੇਵੇਗਾ। ਇਕ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਇਸ ਵੈਕਸੀਨ ਨੂੰ ਐਮਰਜੈਂਸੀ ਪ੍ਰਬੰਧਨ ਹੇਠ ਮਾਰਕੀਟ ਵਿਚ ਉਤਾਰਨ ਦੀ ਇਜਾਜ਼ਤ ਤੋਂ ਕਿਨਾਰਾ ਨਹੀਂ ਕਰੇਗਾ। ਪਰੰਤੂ ਐੱਫ.ਡੀ.ਏ. ਦੇ ਮੁਖੀ ਸਟੀਫਨ ਹਾਟ ਅਤੇ ਨਿਰਦੇਸ਼ਕ ਪੀਟਰ ਮਾਰਕ ਦੇ ਮੁਤਾਬਕ ਅਣਸੁਰੱਖਿਅਤ ਅਤੇ ਨਾ ਭਰੋਸੇਯੋਗ ਵੈਕਸੀਨ ਨੂੰ ਮਾਰਕੀਟ ਵਿਚ ਕੱਤਈ ਉਤਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਰਾਜਨੀਤਿਕ ਪ੍ਰਚੰਡ ਤੋਂ ਉੱਪਰ ਉੱਠ ਕੇ 400 ਤੋਂ ਵੱਧ ਰੁੁੱਝੇ ਸਾਇੰਸਦਾਨਾਂ ਅਤੇ ਤਜ਼ਰਬੇਕਾਰ ਡਾਕਟਰਾਂ ਦਾ ਤੱਥਾਂ ਦੇ ਅਧਾਰਿਤ ਹੀ ਨਿਰਣਾ ਹੋਵੇਗਾ। ਸਟੀਫਨ ਨੇ ਫਿਰ ਤੋਂ ਦੁਹਰਾਇਆ ਹੈ ਕਿ ਉਹ ਇਹੋ ਜਿਹੇ ਨਿਰਣੇ ਦਾ ਹਿੱਸਾ ਨਹੀਂ ਬਣੇਗਾ ਜਿਹੜਾ ਤੱਥਾਂ ’ਤੇ ਅਧਾਰਿਤ ਨਾ ਹੋਣ। ਅਮਰੀਕਨ ਲੋਕਾਂ ਨੂੰ ਇਸ ਬਾਰੇ ਸੁਚੇਤ ਕਰਨ ਵਿਚ ਕੋਈ ਕਸਰ ਨਹੀਂ ਛੱਡਾਂਗਾਂ। ਵਿਭਾਗ 30,000 ਮਨੁੱਖੀ ਟਰਾਇਲ ਤੋਂ ਬਾਅਦ ਹੀ ਵੈਕਸੀਨ ਦੀ ਇਜ਼ਾਜ਼ਤ ਦਿੰਦਾ ਹੈ। ਹੁਣ ਤੱਕ ਅਜੇ 10,000 ਵਾਲੰਟੀਅਰਾਂ ’ਤੇ ਹੀ ਟਰਾਇਲ ਹੋਇਆ ਹੈ। ਕਿੰਨਾਂ ਸਮਾਂ ਲਗਦਾ ਹੈ ਤੁਸੀਂ ਆਪ ਹੀ ਸੋਚ ਲਵੋ। ਡਾ. ਐਨਥਨੀ ਫੋਸੀ ਜੋ ਕਿ ਟਰੰਪ ਪ੍ਰਬੰਧਨ ਦਾ ਹਿੱਸਾ ਵੀ ਹਨ ,ਨੇ ਵੀ ਕਿਹਾ ਕਿ ਟਰੰਪ ਪ੍ਰਸ਼ਾਸਨ ਨੂੰ ਕੋਵਿਡ ਵੈਕਸੀਨ ਨੂੰ ਐਂਮਰਜੈਂਸੀ ਸਰਟੀਫਿਕੇਟ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਅਣਸੁੁਰਖਿੱਅਤ ਵੈਕਸੀਨ ਮਾਰਕੀਟ ਵਿਚ ਆ ਜਾਵੇਗੀ ਅਤੇ ਹੋਰ ਕੰਪਨੀਆਂ, ਜੋ ਇਸ ਟਰਾਇਲ ਵਿਚ ਰੁੁੱਝੀਆਂ ਹੋਈਆਂ ਹਨ, ਉਨ੍ਹਾਂ ਨੂੰ ਵਾਲੰਟੀਅਰਾਂ ਦੀ ਘਾਟ ਪੈ ਜਾਵੇਗੀ। ਅਮਰੀਕਾ ਦਾ ਇਹ ਰਾਜਨੀਤਿਕ ਮੁੁੱਦਾ 3 ਨਵੰਬਰ ਦੀਆਂ ਚੋਣਾਂ ਤੋਂ ਬਾਅਦ ਹੀ ਹੱਲ ਹੋਵੇਗਾ।
ਵਿਸ਼ਵ ਸਿਹਤ ਸੰਸਥਾ ਨੇ ਸਾਰੇ ਮੁਲਕਾਂ ਨੂੰ ਇੱਕਠਿਆਂ ਕਰ ਕੇ ਕੋਵੈਕਸ ਗਲੋਬਲ (ACT) ਵੈਕਸੀਨ ਸੰਸਥਾਨ ਬਣਾਇਆ ਹੈ ਤਾਂ ਜੋ ਅਮੀਰ ਮੁਲਕਾਂ ਤੋਂ ਸਹਾਇਤਾ ਲੈ ਕੇ ਗਰੀਬ ਮੁਲਕਾਂ ਦੀ ਸਹਾਇਤਾ ਕੀਤੀ ਜਾਵੇਗੀ।ਇਸ ਨਾਲ ਸਾਰੇ ਸੰਸਾਰ ਵਿਚ 20 ਪ੍ਰਤੀਸ਼ਤ ਵੈਕਸੀਨ ਪਹੁੰਚਾ ਦਿੱਤੀ ਜਾਵੇ ਤਾਂ ਜੋ ਦੁਨੀਆਂ ਭਰ ਵਿਚ ਇਕੋ ਵੇਲੇ 20 ਪ੍ਰਤੀਸ਼ਤ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਕੋਵਿਡ ਵੈਕਸੀਨ ਦਿੱਤੀ ਜਾ ਸਕੇ। ਕਿੰਨ੍ਹੀ-ਕੁੁ ਸਫਲਤਾ ਮਿਲਦੀ ਹੈ, ਇਹ ਵਿਸ਼ਵ ਸਿਹਤ ਸੰਸਥਾ ਹੀ ਦਰਸਾ ਸਕਦੀ ਹੈ। ਬਰਾਬਰ ਵੰਡ ਦੇ ਬਣਾਏ ਐਕਟ ‘ਕੋਵਿਡ-19 ਦੇ ਸਾਧਨਾਂ ਦੀ ਪਹੁੰਚ’ ਦਾ ਨਾਅਰਾ ਅਮੀਰ ਮੁਲਕਾਂ ਨੂੰ ਰਾਸ ਆਉਂਦਾ ਹੈ ਜਾਂ ਨਹੀਂ , ਸਮਾਂ ਹੀ ਦੱਸੇਗਾ।
ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਆਓ ਪ੍ਰਣ ਕਰੀਏ ਕਿ ਵੈਕਸੀਨ ਆਉਣ ਤੋਂ ਪਹਿਲਾਂ ਹੀ ਸਮਾਜਿਕ ਦੂਰੀ ਵੈਕਸੀਨ ਅਤੇ ਸਮਾਜਿਕ ਮਾਸਕ ਵੈਕਸੀਨ ਨਾਲ ਕੋਵਿਡ ਮਹਾਂਮਾਰੀ ਨੂੰ ਠੱਲ੍ਹ ਪਾਈਏ।ਇਸ ਤੋਂ ਬਾਅਦ ਕੋਵਿਡ ਵੈਕਸੀਨ ਸੋਨੇ ਤੇ ਸੁਹਾਗੇ ਦਾ ਕੰਮ ਕਰੇਗੀ।
ਸਾਬਕਾ ਡਾਇਰੈਕਟਰ, ਸਿਹਤ ਵਿਭਾਗ ਪੰਜਾਬ ਚੰਡੀਗੜ੍ਹ।