ਸ੍ਰੀ ਮੁਕਤਸਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਉਤੇ ਅੱਜ ਸ਼ਾਮੀਂ ਤਕਰੀਬਨ 15 ਜਣਿਆਂ ਨੇ ਮਲੋਟ ਵਿੱਚ ਹਮਲਾ ਕਰ ਦਿੱਤਾ। ਪਰਿਵਾਰ ਵੱਲੋਂ ਫਿਲਹਾਲ ਕਿਸੇ ਮੁਲਜ਼ਮ ਦਾ ਨਾਂ ਨਹੀਂ ਲਿਆ ਜਾ ਰਿਹਾ, ਪਰ ਸੂਤਰਾਂ ਦਾ ਦਾਅਵਾ ਹੈ ਕਿ ਹਮਲਾਵਰਾਂ ਵਿੱਚ ਮਲੋਟ ਦੇ ਇਕ ਕਾਂਗਰਸ ਆਗੂ ਦਾ ਭਤੀਜਾ ਸ਼ਾਮਲ ਹੈ।
ਜਾਣਕਾਰੀ ਅਨੁਸਾਰ, ਲੜਾਈ ਉਸ ਵਕਤ ਸ਼ੁਰੂ ਹੋਈ ਜਦੋਂ ਯੂਥ ਅਕਾਲੀ ਦਲ ਦਾ ਆਗੂ ਪਰਮਿੰਦਰ ਸਿੰਘ ਕੋਲਿਆਂਵਾਲੀ ਆਪਣੇ ਜੱਦੀ ਪਿੰਡ ਕੋਲਿਆਂਵਾਲੀ ਵਿੱਚ ਜਿਮ ਤੋਂ ਘਰ ਪਰਤ ਰਿਹਾ ਸੀ। ਉਸ ਵਕਤ ਉਹਦੇ ਨਾਲ ਉਸ ਦਾ ਇਕ ਦੋਸਤ ਅਤੇ ਗੰਨਮੈਨ ਵੀ ਸਨ। ਹਮਲਾਵਰਾਂ ਨੇ ਪਰਮਿੰਦਰ ਦੀ ਟੋਯੋਟਾ ਕੋਰੋਲਾ ਐਲਟਿਸ ਗੱਡੀ ਉਤੇ ਗੋਲੀ ਚਲਾ ਦਿੱਤੀ। ਇਸ ਤੋਂ ਬਆਦ ਉਸ ਨੂੰ ਗੱਡੀ ਵਿਚੋਂ ਬਾਹਰ ਕੱਢ ਲਿਆ ਅਤੇ ਲੱਤ ਤੋੜ ਦਿੱਤੀ।
ਪਰਮਿੰਦਰ ਸਿੰਘ ਦੇ ਚਚੇਰੇ ਭਰਾ ਨਵਜਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ ਤਕਰੀਬਨ 15 ਸੀ ਅਤੇ ਉਨ੍ਹਾਂ ਰਾਤੀਂ 8 ਕੁ ਵਜੇ ਪਰਮਿਮਦਰ ਦੀ ਕਾਰ ਉਤੇ ਗੋਲੀ ਚਲਾਈ। ਉਸ ਦੇ ਦੋਸਤ ਅਤੇ ਗੰਨਮੈਨ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਹਮਲੇ ਵਿੱਚ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ। ਉਨ੍ਹਾਂ ਦਾਅਵਾ ਕੀਤਾ ਕਿ ਪਰਮਿੰਦਰ ਸਿੰਘ ਦੀ ਕਾਰ ਉਤੇ ਤਿੰਨ ਗੋਲੀਆਂ ਲੱਗੀਆਂ ਹਨ। ਉਸ ਨੂੰ ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਲੋਟ ਦੇ ਡੀਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ ਦੇ ਬਿਆਨ ਲਏ ਜਾ ਰਹੇ ਹਨ। ਫਿਲਹਾਲ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।