ਬਠਿੰਡਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਆਖਿਆ ਕਿ ਪਰਮਿੰਦਰ ਸਿੰਘ ਕੋਲਿਆਂਵਾਲੀ ’ਤੇ ਹਮਲਾ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ, ਜਿਸ ਤਹਿਤ ਪਹਿਲਾਂ ਕੋਲਿਆਂਵਾਲੀ ਪਰਿਵਾਰ ਤੋਂ ਸੁਰੱਖਿਆ ਵਾਪਸ ਲਈ ਗਈ। ਉਨ੍ਹਾਂ ਆਖਿਆ ਕਿ ਇਹ ਅਚਾਨਕ ਵਾਪਰੀ ਘਟਨਾ ਨਹੀਂ ਹੈ, ਸਗੋਂ ਕੁਝ ਸਮੇਂ ਤੋਂ ਧਮਕੀਆਂ ਦੇਣ ਮਗਰੋਂ ਮਿੱਥੀ ਯੋਜਨਾ ਤਹਿਤ ਹਮਲਾ ਕੀਤਾ ਗਿਆ ਹੈ।
ਸ੍ਰੀ ਬਾਦਲ ਅੱਜ ਆਪਣੇ ਨਜ਼ਦੀਕੀ ਸਾਥੀ ਤੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੇ ਜ਼ਖ਼ਮੀ ਲੜਕੇ ਪਰਮਿੰਦਰ ਸਿੰਘ ਦਾ ਇੱਥੇ ਮੈਕਸ ਹਸਪਤਾਲ ਵਿੱਚ ਹਾਲ-ਚਾਲ ਪੁੱਛਣ ਲਈ ਆਏ ਸਨ, ਜਿਨ੍ਹਾਂ ਨੂੰ ਬੀਤੀ ਰਾਤ ਕੁਝ ਲੋਕਾਂ ਨੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਸੀ। ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਵਿੱਚ ਹੁਣ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ ਅਤੇ ਅਪਰਾਧੀਆਂ ਨੂੰ ਪੁਲੀਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਰਿਹਾ। ਉਨ੍ਹਾਂ ਆਖਿਆ ਕਿ ਕੋਲਿਆਂਵਾਲੀ ’ਤੇ ਹਮਲਾ ਵੀ ਪਰਮਿੰਦਰ ਸਿੰਘ ਨੂੰ ਜਾਨੋਂ ਮਾਰਨ ਵਾਸਤੇ ਹੀ ਕੀਤਾ ਗਿਆ ਹੈ। ਸਰਕਾਰ ਬਦਲਣ ਮਗਰੋਂ ਹੀ ਜਥੇਦਾਰ ਕੋਲਿਆਂਵਾਲੀ ਦੀ ਸੁਰੱਖਿਆ ਵਾਪਸ ਲੈ ਲਈ ਗਈ, ਜਦੋਂ ਕਿ ਖ਼ੁਦ ਜਥੇਦਾਰ ਕੋਲਿਆਂਵਾਲੀ ਨੇ ਪੁਲੀਸ ਨੂੰ ਲਿਖਤੀ ਰੂਪ ਵਿੱਚ ਦਿੱਤਾ ਸੀ ਕਿ ਉਸ ਨੂੰ ਖ਼ਤਰਾ ਹੈ। ਉਨ੍ਹਾਂ ਵੀ ਇਸ ਮਾਮਲੇ ’ਤੇ ਡੀਜੀਪੀ ਨਾਲ ਗੱਲ ਕੀਤੀ ਸੀ। ਸ੍ਰੀ ਬਾਦਲ ਨੇ ਆਖਿਆ ਕਿ ਹਮਲਾਵਰਾਂ ਦਾ ਸਬੰਧ ਕਾਂਗਰਸ ਨਾਲ ਹੈ ਅਤੇ ਕੋਲਿਆਂਵਾਲੀ ਪਰਿਵਾਰ ਨੂੰ ਅਧੂਰੀ ਸੁਰੱਖਿਆ ਦੇਣ ਦੀ ਥਾਂ ਪੂਰੀ ਸੁਰੱਖਿਆ ਦੇਣੀ ਬਣਦੀ ਹੈ। ਉਨ੍ਹਾਂ ਅਸਿੱਧੇ ਤੌਰ ’ਤੇ ਆਖਿਆ ਕਿ ਜੇ ਇਸ ਮਾਮਲੇ ਵਿੱਚ ਇਨਸਾਫ਼ ਨਾ ਮਿਲਿਆ ਤਾਂ ਉਹ ਅਗਲੀ ਸਿਆਸੀ ਰਣਨੀਤੀ ਉਲੀਕਣਗੇ, ਜਿਸ ਦਾ ਉਨ੍ਹਾਂ ਖੁਲਾਸਾ ਕਰਨ ਤੋਂ ਟਾਲਾ ਵੱਟਿਆ। ਹਮਲੇ ਦੀ ਘਟਨਾ ਮਗਰੋਂ ਅਕਾਲੀ ਲੀਡਰਸ਼ਿਪ ਪੂਰੀ ਤਰ੍ਹਾਂ ਕੋਲਿਆਂਵਾਲੀ ਨਾਲ ਡਟ ਗਈ ਹੈ। ਅੱਜ ਬਾਦਲ ਦੇ ਆਉਣ ਸਮੇਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ, ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਅਕਾਲੀ ਵਿਧਾਇਕ ਰੋਜ਼ੀ ਬਰਕੰਦੀ, ਸਾਬਕਾ ਚੇਅਰਮੈਨ ਤੇਜਿੰਦਰ ਮਿੱਡੂਖੇੜਾ, ਸਾਬਕਾ ਵਿਧਾਇਕ ਦਰਸ਼ਨ ਕੋਟਫੱਤਾ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਨਗਰ ਨਿਗਮ ਬਠਿੰਡਾ ਦੇ ਕੌਂਸਲਰ ਹਰਪਾਲ ਸਿੰਘ ਢਿੱਲੋਂ ਤੇ ਮਾਸਟਰ ਹਰਮੰਦਰ ਸਿੰਘ ਹਾਜ਼ਰ ਸਨ।