ਨਵੀਂ ਦਿੱਲੀ, 30 ਮਾਰਚ :  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਨਾਂ ‘ਤੇ ਐਨ ਆਰ ਆਈਜ਼ ਨੂੰ ਬਦਨਾਮ ਕਰਨ ਦੀ ਵੱਡੀ ਤੇ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ ਜੋ ਬਹੁਤ ਹੀ ਮੰਦਭਾਗੀ ਗੱਲ ਹੈ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਵਿਦੇਸ਼ਾਂ ਤੋਂ ਪਰਤੇ ਪ੍ਰਵਾਸੀ  ਪੰਜਾਬੀਆਂ (ਐਨ ਆਰ ਆਈਜ਼) ਨੂੰ ਕੋਰੋਨਾ ਦੇ ਪਸਾਰ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਤੇ ਖਾਸ ਤੌਰ ‘ਤੇ ਮੀਡੀਆ ਇਸ ਮਾਮਲੇ ‘ਚ ਬਹੁਤ ਗਲਤ ਭੂਮਿਕਾ ਅਦਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਐਨ ਆਰ ਆਈਜ਼ ਨੂੰ ਵਿਲੇਨ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ ਤੇ ਸਾਰਾ ਦੋਸ਼ ਉਹਨਾਂ ਸਿਰ ਪਾਇਆ ਜਾ ਰਿਹਾ ਹੈ ਕਿ ਮਹਾਂਮਾਰੀ ਲਈ ਐਨ ਆਰ ਆਈ ਜ਼ਿੰਮੇਵਾਰ ਹਨ।

 ਸਿਰਸਾ ਨੇ ਕਿਹਾ ਕਿ ਇਹ ਸਾਰਾ ਕੁਝ ਗਿਣੀ ਮਿਥੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਐਨ ਆਰ ਆਈਜ਼ ਨੂੰ ਪੰਜਾਬ ਨਾਲੋਂ ਤੋੜਿਆ ਜਾ ਸਕੇ ਕਿਉਂਕਿ ਇਹੀ ਐਨ ਆਰ ਆਈਜ਼ ਲੋੜ ਪੈਣ ‘ਤੇ ਪੰਜਾਬ ਤੇ ਪੰਜਾਬੀਆਂ ਦੀ ਆਵਾਜ਼ ਬਣਦੇ ਹਨ। ਉਹਨਾਂ ਕਿਹਾ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੌਰਾਨ ਤੇ ਫਿਰ ਸਿੱਖ ਕਤਲੇਆਮ ਦੌਰਾਨ ਜਦੋਂ ਮੀਡੀਆ ਸਿੱਖ ਕਤਲੇਆਮ ਬਾਰੇ ਕੁਝ ਵੀ ਛਾਪਣ ਤੋਂ ਟਾਲਾ ਵੱਟ ਗਿਆ ਸੀ, ਤਾਂ ਇਹਨਾਂ ਐਨ ਆਰ ਆਈਜ਼ ਨੇ ਹੀ ਸਿੱਖਾਂ ਦੀ ਆਵਾਜ਼ ਬੁਲੰਦ ਕੀਤੀ ਸੀ ਜਿਸ ਬਦਲੇ ਇਹ ਐਨ ਆਰ ਆਈਜ਼ ਕਈ ਕਈ ਸਾਲ ਬਲੈਕ ਲਿਸਟ ਵੀ ਰਹੇ।

 ਸਿਰਸਾ ਨੇ ਕਿਹਾ ਕਿ ਇਹੀ ਐਨ ਆਰ ਆਈ ਹਨ ਜਿਹਨਾਂ ਨੇ ਪੰਜਾਬ ਦੇ ਅਰਥਚਾਰੇ ਵਾਸਤੇ ਵੱਡਾ ਯੋਗਦਾਨ ਪਾਇਆ ਤੇ ਇਥੇ ਦੀਆਂ ਜ਼ਮੀਨਾਂ ਦਾ ਭਾਅ 10 ਲੱਖ ਤੋਂ 5 ਕਰੋੜ ਰੁਪਏ ਪ੍ਰਤੀ ਕਿੱਲਾ ਪਹੁੰਚਾਇਆ। ਉਹਨਾਂ ਕਿਹਾ ਕਿ ਇਹ ਐਨ ਆਰ ਆਈ ਜਿਥੇ ਪਿੰਡਾਂ ਵਿਚ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਵਾਸਤੇ ਯੋਗਦਾਨ ਪਾਉਂਦੇ ਹਨ, ਉਥੇ ਹੀ ਲੱਖਾਂ ਬੱਚਿਆਂ ਦੀ ਪੜ•ਾਈ ਦਾ ਵੀ ਖਰਚਾ ਚੁੱਕਦੇ ਹਨ।

ਉਹਨਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਿਹੜੇ ਐਨ ਆਰ ਆਈਜ਼ ਨੂੰ ਕਦੇ ਬੈਂਡ ਵਾਜਾ ਵਜਾ ਕੇ ਘਰ ਸੱਦਿਆ ਜਾਂਦਾ ਸੀ, ਅੱਜ ਉਹਨਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੋਰੋਨਾਵਾਇਰਸ ਦੇ ਪਸਾਰ ਲਈ ਜੋ ਦੋਸ਼ ਅੱਜ ਐਨ ਆਰ ਆਈਜ਼ ਸਿਰ ਮੜਿ•ਆ ਜਾ ਰਿਹਾ ਹੈ, ਉਹ ਕੱਲ• ਸਿੱਖਾਂ  ‘ਤੇ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿਚ ਵਪਾਰੀ ਵਰਗ ਵੀ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਜਾਂਦੇ ਸਨ, ਪਰ ਕਿਸੇ ਨੇ ਉਹਨਾਂ ‘ਤੇ ਦੋਸ਼ ਨਹੀਂ ਲਗਾਏ। ਉਹਨਾਂ ਕਿਹਾ ਕਿ ਅੱਜ ਭਾਵੇਂ ਐਨ ਆਰ ਆਈਜ਼ ‘ਤੇ ਦੋਸ਼ ਲਗਾਇਆ ਜਾ ਰਿਹਾ ਹੈ ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੱਲ• ਕੋਈ ਬਾਂਹ ਫੜਨ ਵਾਲਾ ਲੱਭਣਾ ਨਹੀਂ।

ਸ੍ਰੀ ਸਿਰਸਾ ਨੇ ਕਿਹਾ ਕਿ ਐਨ ਆਰ ਆਈਜ਼ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਸਾਰੀ ਪੜਤਾਲ ਕਰਨੀ ਚਾਹੀਦੀ ਹੈ ਤੇ ਸੱਚਾਈ ਸਮਝਦੀ ਚਾਹੀਦੀ ਹੈ ਕਿ ਵਾਇਰਸ ਕਿਵੇਂ ਆਇਆ। ਉਹਨਾਂ ਸਵਾਲ ਕੀਤਾ ਕਿ ਕੀ ਮਹਾਰਾਸ਼ਟਰ ਵਿਚ ਵੀ ਵਾਇਰਸ ਐਨ ਆਰ ਆਈਜ਼ ਨੇ ਫੈਲਾਇਆ ?  ਉਹਨਾਂ ਕਿਹਾ ਕਿ ਡਿਜੀਟਲ ਮੀਡੀਆ ਲੋਕਾਂ ਦੀ ਸਹੂਲਤ ਲਈ ਹੈ, ਇਸਦਾ ਇਹ ਮਤਲਬ ਨਹੀਂ ਕਿ ਲੋਕਾਂ ਨੂੰ ਬਦਨਾਮ ਕੀਤਾ ਜਾਵੇ।

ਸਿਰਸਾ ਨੇ ਇਹ ਵੀ ਚੇਤੇ ਕਰਵਾਇਆ ਕਿ ਅਮਰੀਕਾ, ਕੈਨੇਡਾ , ਅਸਟਰੇਲੀਅ ਤੇ ਨਿਵੂਜੀਲੈਂਡ ਵਰਗੇ ਮੁਲਕਾਂ ਵਿਚ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਪੰਜਾਬੀ  ਜਾਂਦੇ ਹਨ, ਇਹੀ ਐਨ ਆਰ ਆਈ Àਹਨਾਂ ਨੂੰ ਰੋਜ਼ਗਾਰ ਦਿੰਦੇ ਹਨ, ਇਹੀ ਉਹਨਾਂ ਨੂੰ ਸੰਭਾਲਦੇ ਹਨ।