ਇੰਚਿਓਨ, ਭਾਰਤੀ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਯਪ ਨੇ ਅੱਜ ਇੱਥੇ ਡੈਨਮਾਰਕ ਦੇ ਜਾਨ ਓ ਜੌਰਗੇਰਸਨ ’ਤੇ ਸਿੱਧੇ ਤਿੰਨ ਸੈੱਟਾਂ ਦੀ ਜਿੱਤ ਦਰਜ ਕਰਕੇ ਕੋਰੀਓ ਓਪਨ ਵਿਸ਼ਵ ਟੂਰ ਸੁਪਰ 500 ਦੇ ਪੁਰਸ਼ ਸਿੰਗਲਜ਼ ਦੇ ਸੈਮੀ ਫਾਈਨਲ ’ਚ ਪ੍ਰਵੇਸ਼ ਕੀਤਾ ਹੈ।
ਹੈਦਰਾਬਾਦ ਦੇ 33 ਸਾਲਾ ਖਿਡਾਰੀ ਨੇ ਦੁਨੀਆਂ ਦੇ ਸਾਬਕਾ ਨੰਬਰ ਦੋ ਖਿਡਾਰੀ ਜੌਰਗੇਰਸਨ ਨੂੰ 37 ਮਿੰਟ ’ਚ 24-22, 21-8 ਨਾਲ ਹਰਾ ਕੇ ਸੈਸ਼ਨ ਦੇ ਦੂਜੇ ਸੈਮੀ ਫਾਈਨਲ ’ਚ ਪ੍ਰਵੇਸ਼ ਕੀਤਾ। ਇਸ ਟੂਰਨਾਮੈਂਟ ’ਚ ਉਹ ਇਕਲੌਤਾ ਭਾਰਤੀ ਖਿਡਾਰੀ ਬਚਿਆ ਹੈ। ਉਹ ਇੰਡੀਆ ਓਪਨ ਸੁਪਰ 500 ਟੂਰਨਾਮੈਂਟ ਦੇ ਆਖਰੀ ਚਾਰਾਂ ’ਚ ਪਹੁੰਚਿਆ ਸੀ।
ਸਾਲ 2014 ਦੀਆਂ ਰਾਸ਼ਟਰ ਮੰਡਲ ਖੇਡਾਂ ’ਚ ਸੋਨ ਤਗਮਾ ਜੇਤੂ ਕਸ਼ਯਪ ਦਾ ਸਾਹਮਣਾ ਹੁਣ 28 ਸਤੰਬਰ ਨੂੰ ਜਾਪਾਨ ਦੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਅਤੇ ਦੁਨੀਆਂ ਦੇ ਨੰਬਰ ਇੱਕ ਖਿਡਾਰੀ ਕੇਂਟਾ ਮੋਮੋਟਾ ਨਾਲ ਹੋਵੇਗਾ।
ਵਿਸ਼ਵ ਰੈਂਕਿੰਗ ’ਚ ਛੇਵੇਂ ਸਥਾਨ ’ਤੇ ਰਹਿ ਚੁੱਕੇ ਕਸ਼ਯਪ ਨੇ ਡੈਨਮਾਰਕ ਓਪਨ ’ਚ ਪੰਜ ਸਾਲ ਪਹਿਲਾਂ ਜੌਰਗੇਰਸਨ ਦਾ ਸਾਹਮਣਾ ਕੀਤਾ ਸੀ ਅਤੇ ਇਸ ਮੈਚ ਤੋਂ ਪਹਿਲਾਂ ਉਸ ਦਾ ਰਿਕਾਰਡ 2-4 ਸੀ। ਪਹਿਲੀ ਗੇਮ ’ਚ ਦੋਵਾਂ ਨੇ ਸ਼ੁਰੂ ’ਚ ਛੋਟੀਆਂ ਰੈਲੀਆਂ ਕੀਤੀਆਂ ਅਤੇ ਪਹਿਲੇ ਅੱਠ ਅੰਕ ਵੰਡੇ। ਫਿਰ ਕਸ਼ਯਪ ਨੇ 5-8 ਤੋਂ ਬਾਅਦ ਬਰੇਕ ਤੱਕ 8-11 ਨਾਲ ਪੱਛੜ ਰਿਹਾ ਸੀ ਪਰ ਬਰੇਕ ਤੋਂ ਬਾਅਦ ਉਸ ਨੇ ਤੇਜ਼ੀ ਨਾਲ ਅੰਕ ਹਾਸਲ ਕੀਤੇ ਅਤੇ ਫਿਰ ਦੋਵੇਂ 14-14, 18-18, 19-19 ਅਤੇ 20-20 ਦੀ ਬਰਾਬਰੀ ’ਤੇ ਪਹੁੰਚ ਗਏ। ਕਸ਼ਯਪ ਨੇ ਗੇਮ ਪੁਆਇੰਟ ਹਾਸਲ ਕੀਤਾ ਪਰ ਇਸ ਨੂੰ ਗੁਆ ਬੈਠਾ। ਹਾਲਾਂਕਿ ਭਾਰਤੀ ਖਿਡਾਰੀ ਨੇ ਦੂਜੇ ਗੇਮ ਪੁਆਇੰਟ ਦਾ ਮੌਕਾ ਪ੍ਰਾਪਤ ਕੀਤਾ ਅਤੇ ਵਿਰੋਧੀ ਦੇ ਨੈੱਟ ਹਿੱਟ ਕਰਨ ਤੋਂ 22 ਮਿੰਟ ਪਹਿਲਾਂ ਗੇਮ ਜਿੱਤ ਲਈ।
ਦੂਜੀ ਗੇਮ ’ਚ ਵੀ ਸ਼ੁਰੂ ਤੋਂ ਇਹੀ ਸਿਲਸਿਲਾ ਰਿਹਾ ਅਤੇ ਫਿਰ ਕਸ਼ਯਪ ਨੇ ਲਗਾਤਾਰ ਪੰਜ ਅੰਕ ਇਕੱਠੇ ਕੀਤੇ। ਜੌਰਗੇਰਸਨ ਨੇ ਫੁਰਤੀ ਦਿਖਾਈ ਪਰ ਗਲਤੀ ਨਾਲ ਅੰਕ ਗੁਆ ਲਿਆ ਤੇ ਕਸ਼ਯਪ 11-7 ਨਾਲ ਅੱਗੇ ਹੋ ਗਿਆ। ਬਰੇਕ ਤੋਂ ਬਾਅਦ ਕਸ਼ਯਪ ਨੇ ਆਸਾਨੀ ਨਾਲ 10 ’ਚੋਂ ਨੌਂ ਅੰਕ ਹਾਸਲ ਕਰਕੇ ਸਮੈਸ਼ ਨਾਲ ਮੈਚ ਜਿੱਤ ਲਿਆ।