ਇੰਚਿਓਨ, ਭਾਰਤੀ ਸ਼ਟਲਰ ਪੀਵੀ ਸਿੰਧੂ ਅੱਜ ਇੱਥੇ ਕੋਰੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਹਾਰ ਕੇ ਬਾਹਰ ਹੋ ਗਈ, ਜਦੋਂਕਿ ਸਾਇਨਾ ਨੇਹਵਾਲ ਅਤੇ ਬੀ ਸਾਈ ਪ੍ਰਣੀਤ ਨੂੰ ਰਿਟਾਇਰਡ ਹਰਟ ਕਾਰਨ ਸ਼ੁਰੂਆਤੀ ਮੁਕਾਬਲੇ ਵਿਚਾਲੇ ਛੱਡਣੇ ਪਏ। ਇਸ ਤਰ੍ਹਾਂ ਸਿੰਗਲਜ਼ ਵਰਗ ਵਿੱਚ ਸਿਰਫ਼ ਪਾਰੂਪੱਲੀ ਕਸ਼ਿਅਪ ਵਜੋਂ ਭਾਰਤੀ ਚੁਣੌਤੀ ਬਚੀ ਹੈ।
ਕਸ਼ਿਅਪ ਨੇ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਚੀਨੀ ਤਾਇਪੈ ਦੇ ਲਿਊ ਚਿਆ ਹੁੰਗ ਨੂੰ 42 ਮਿੰਟ ਵਿੱਚ ਆਸਾਨੀ ਨਾਲ 21-16, 21-6 ਹਰਾਇਆ। ਵਿਸ਼ਵ ਚੈਂਪੀਅਨ ਸਿੰਧੂ ਨੂੰ ਹਾਲਾਂਕਿ ਪਹਿਲੇ ਗੇੜ ਵਿੱਚ ਹੀ ਅਮਰੀਕਾ ਦੀ ਬੇਈਵਨ ਝਾਂਗ ਤੋਂ ਤਿੰਨ ਗੇਮ ਵਿੱਚ 7-21, 24-22, 15-21 ਨਾਲ ਹਾਰ ਝੱਲਣੀ ਪਈ, ਜਦਕਿ ਪ੍ਰਣੀਤ ਅਤੇ ਸਾਇਨਾ ਦੋਵਾਂ ਨੂੰ ਰਿਟਾਇਰਡ ਹਰਟ ਹੋ ਕੇ ਆਪਣੇ ਪਹਿਲੇ ਗੇੜ ਦੇ ਮੁਕਾਬਲਿਆਂ ਨੂੰ ਵਿਚਾਲੇ ਛੱਡਣਾ ਪਿਆ।
ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਜੇਤੂ ਪ੍ਰਣੀਤ ਜਦੋਂ ਡੈੱਨਮਾਰਕ ਦੇ ਪੰਜਵਾਂ ਦਰਜਾ ਪ੍ਰਾਪਤ ਐਂਡਰਸ ਐਂਟੋਨਸੇਨ ਖ਼ਿਲਾਫ਼ 9-21, 7-11 ਨਾਲ ਪੱਛੜ ਰਿਹਾ ਸੀ ਤਾਂ ਗੋਡੇ ਦੀ ਸੱਟ ਕਾਰਨ ਮੁਕਾਬਲੇ ’ਚੋਂ ਹਟ ਗਿਆ। ਲੰਡਨ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਦੱਖਣੀ ਕੋਰੀਆ ਦੀ ਕਿਮ ਗਾ ਯੁਨ ਖ਼ਿਲਾਫ਼ ਪਹਿਲੀ ਗੇਮ ਜਿੱਤਣ ਮਗਰੋਂ 21-19, 18-21, 1-8 ਦੇ ਸਕੋਰ ’ਤੇ ਮੁਕਾਬਲੇ ਵਿੱਚੋਂ ਹਟ ਗਈ। ਸਾਇਨਾ ਦੇ ਪਤੀ ਅਤੇ ਨਿੱਜੀ ਕੋਚ ਕਸ਼ਿਅਪ ਨੇ ਦੱਸਿਆ ਕਿ ਉਸ ਨੂੰ ਪੇਟ ਨਾਲ ਸਬੰਧਿਤ ਤਕਲੀਫ਼ ਕਾਰਨ ਮੈਚ ਵਿਚਾਲੇ ਛੱਡਣਾ ਪਿਆ। ਉਸ ਨੇ ਕਿਹਾ, ‘‘ਅਜਿਹਾ ਲਗਦਾ ਹੈ ਕਿ ਪੇਟ ਨਾਲ ਸਬੰਧਿਤ ਤਕਲੀਫ਼ ਮੁੜ ਵਧ ਗਈ ਹੈ, ਜਿਸ ਦੇ ਕਾਰਨ ਇਸ ਸਾਲ ਦੇ ਸ਼ੁਰੂ ਤੋਂ ਉਹ ਪ੍ਰੇਸ਼ਾਨ ਰਹੀ ਸੀ। ਉਸ ਨੂੰ ਚੱਕਰ ਆ ਰਹੇ ਸੀ ਅਤੇ ਕੱਲ੍ਹ ਉਸ ਨੂੰ ਉਲਟੀ ਵੀ ਆਈ ਸੀ। ਅੱਜ ਉਹ ਸਿੱਧਾ ਹਸਪਤਾਲ ਤੋਂ ਸਟੇਡੀਅਮ ਵਿੱਚ ਪੁੱਜੀ ਸੀ।’’ ਕਸ਼ਿਅਪ ਨੇ ਕਿਹਾ, ‘‘ਇਸ ਦੇ ਬਾਵਜੂਦ ਉਹ ਜਿੱਤ ਦਰਜ ਕਰ ਸਕਦੀ ਸੀ, ਪਰ ਜਦੋਂ ਮੁਕਾਬਲਾ ਤਿੰਨ ਗੇਮਾਂ ਤੱਕ ਖਿੱਚਿਆ ਤਾਂ ਉਸ ਦੀ ਹਿੰਮਤ ਜਵਾਬ ਦੇ ਗਈ ਸੀ। ਡਾਕਟਰ ਤੋਂ ਜਾਂਚ ਕਰਵਾਉਣੀ ਹੋਵੇਗੀ। ਉਸ ਦੇ ਲਈ ਇਹ ਸਾਲ ਮੁਸ਼ਕਲ ਰਿਹਾ ਹੈ।’’

ਸਾਇਨਾ ਨੇ ਇਸ ਤੋਂ ਪਹਿਲਾਂ ਯੁਨ ਖ਼ਿਲਾਫ਼ ਆਪਣੇ ਦੋਵੇਂ ਮੁਕਾਬਲੇ ਜਿੱਤੇ ਸਨ। ਸੱਟਾਂ ਕਾਰਨ ਮੌਜੂਦਾ ਸੈਸ਼ਨ ਸਾਇਨਾ ਲਈ ਜ਼ਿਆਦਾ ਵਧੀਆ ਨਹੀਂ ਰਿਹਾ। ਉਸ ਨੇ ਸੈਸ਼ਨ ਦੇ ਸ਼ੁਰੂ ਵਿੱਚ ਇੰਡੋਨੇਸ਼ੀਆ ਓਪਨ ਦਾ ਖ਼ਿਤਾਬ ਜਿੱਤਿਆ, ਪਰ ਇਸ ਮਗਰੋਂ ਜੂਝ ਰਹੀ ਹੈ। ਬੀਤੇ ਹਫ਼ਤੇ ਚਾਈਨਾ ਓਪਨ ਸੁਪਰ 1000 ਟੂਰਨਾਮੈਂਟ ਵਿੱਚ ਵੀ ਉਹ ਪਹਿਲੇ ਗੇੜ ਵਿੱਚ ਹਾਰ ਗਈ ਸੀ।
ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਮਗਰੋਂ ਸਿੰਧੂ ਨੂੰ ਵੀ ਲੈਅ ਹਾਸਲ ਕਰਨ ਲਈ ਜੂਝਣਾ ਪੈ ਰਿਹਾ ਹੈ। ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੂੰ ਬੀਤੇ ਹਫ਼ਤੇ ਚਾਈਨਾ ਓਪਨ ਦੇ ਦੂਜੇ ਗੇੜ ਵਿੱਚ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਬਕਾ ਚੈਂਪੀਅਨ ਸਿੰਧੂ ਨੇ ਬਾਸੇਲ ਵਿੱਚ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਦੇ ਦੌਰਾਨ ਝਾਂਗ ਨੂੰ ਵੀ ਹਰਾਇਆ ਸੀ। ਚੀਨ ਵਿੱਚ ਜਨਮੀ ਅਮਰੀਕਾ ਦੀ ਖਿਡਾਰਨ ਝਾਂਗ ਨੇ ਪਿਛਲੇ ਸਾਲ ਇੰਡੀਆ ਓਪਨ ਅਤੇ ਡੈੱਨਮਾਰਕ ਓਪਨ ਵਿੱਚ ਸਿੰਧੂ ਨੂੰ ਸ਼ਿਕਸਤ ਦਿੱਤੀ ਸੀ। ਪੁਰਸ਼ ਡਬਲਜ਼ ਵਿੱਚ ਵੀ ਭਾਰਤੀ ਚੁਣੌਤੀ ਪਹਿਲੇ ਗੇੜ ਵਿੱਚ ਹੀ ਖ਼ਤਮ ਹੋ ਗਈ। ਮਨੂ ਅੱਤਰੀ ਅਤੇ ਬੀ ਸੁਮਿਤ ਰੈਡੀ ਦੀ ਭਾਰਤੀ ਜੋੜੀ ਨੂੰ ਹੁਆਂਗ ਕਾਈ ਸ਼ਿਆਂਗ ਅਤੇ ਲਿਊ ਚੇਂਗ ਦੀ ਚੀਨ ਦੀ ਜੋੜੀ ਖ਼ਿਲਾਫ਼ ਤਿੰਨ ਗੇਮਾਂ ਵਿੱਚ 16-21, 21-19, 18-21 ਨਾਲ ਹਾਰ ਝੱਲਣੀ ਪਈ, ਜਦਕਿ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਵੀ ਤਾਕੇਸ਼ੀ ਕਾਮੁਰਾ ਅਤੇ ਕੇਈਗੋ ਸੋਨੋਦਾ ਦੀ ਚੌਥਾ ਦਰਜਾ ਪ੍ਰਾਪਤ ਜਾਪਾਨੀ ਜੋੜੀ ਤੋਂ 19-21, 21-18, 18-21 ਨਾਲ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ।