ਜਗਰਾਉਂ, 16 ਜੂਨ

ਸਥਾਨਕ ਪਰਵਾਸੀ ਪੰਜਾਬੀ ਪਰਿਵਾਰ ਦੀ ਕੋਠੀ ’ਤੇ ਕਬਜ਼ੇ ਦਾ ਚਰਚਿਤ ਮਾਮਲਾ ਮੁੱਕਦਾ ਨਜ਼ਰ ਨਹੀਂ ਆ ਰਿਹਾ ਭਾਵੇਂ ਕਿ ਅੱਜ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਇਹ ਕੋਠੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਪਰ ਚਾਬੀਆਂ ਮਾਲਕਾਂ ਨੂੰ ਦੇਣ ਦੀ ਥਾਂ ਕਿਰਾਏ ’ਤੇ ਕੋਠੀ ਦੇਣ ਵਾਲੇ ਕਰਮ ਸਿੰਘ ਨੂੰ ਸੌਂਪ ਦਿੱਤੀਆਂ ਹਨ। ਇਲਾਕੇ ਦੀਆਂ ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਅੱਜ ਪਰਵਾਸੀ ਪੰਜਾਬੀ ਨਾਲ ਖੜ੍ਹਨ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮਿਲੀ ਹੈ ਕਿ ਪੀੜਤ ਪਰਿਵਾਰ ਮਾਮਲਾ ਹਾਈ ਕੋਰਟ ’ਚ ਲਿਜਾਣ ਦੀ ਤਿਆਰੀ ਕਰ ਰਿਹਾ ਹੈ। ਪੀੜਤ ਐੱਨਆਰਆਈ ਪਰਿਵਾਰ ਦੀਆਂ ਦੋਵੇਂ ਔਰਤਾਂ (ਨੂੰਹ-ਸੱਸ) ਨਾਲ ਮਿਲ ਕੇ ਪੂਰੇ ਵੇਰਵੇ ਲੈਣ ਅਤੇ ਗੱਲਬਾਤ ਮਗਰੋਂ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਉਨ੍ਹਾਂ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੋਹਾਂ ਨੂੰ ਕਾਨੂੰਨ ਮੁਤਾਬਕ ਨਿਰਪੱਖ ਕਾਰਵਾਈ ਕਰਨ ਲਈ ਕਹਿੰਦਿਆਂ ਪੰਜਾਬ ਸਰਕਾਰ ਨੂੰ ਵੀ ਬਿਨਾਂ ਦੇਰੀ ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਕੋਠੀ ਦੀਆਂ ਚਾਬੀਆਂ ਸੌਂਪਣ ਲਈ ਅਪੀਲ ਕੀਤੀ।ਸਥਾਨਕ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਵਿੱਚ ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਬੀਕੇਯੂ ਏਕਤਾ (ਡਕੌਂਦਾ), ਭਾਰਤੀ ਕਮਿਊਨਿਸਟ ਪਾਰਟੀ, ਰੋਡਵੇਜ਼ ਮੁਲਾਜ਼ਮ ਯੂਨੀਅਨ ਅਤੇ ਪੈਨਸ਼ਨਰਜ਼ ਯੂਨੀਅਨ ਦੇ ਆਗੂਆਂ ਨੇ ਕੈਨੇਡਾ ਤੋਂ ਆਈ ਬਿਰਧ ਅਮਰਜੀਤ ਕੌਰ ਧਾਲੀਵਾਲ ਅਤੇ ਉਸ ਦੀ ਨੂੰਹ ਕੁਲਦੀਪ ਕੌਰ ਧਾਲੀਵਾਲ ਦੀ ਮੌਜੂਦਗੀ ’ਚ ਇਸ ਮੁੱਦੇ ਉੱਤੇ ‘ਲੜਾਈ’ ਲੜਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਐੱਨਆਰਆਈ ਨੂੰਹ-ਸੱਸ ਨੇ ਦੱਸਿਆ ਕਿ ਸਾਲ 2005 ਵਿੱਚ ਉਨ੍ਹਾਂ ਦੋ ਮੰਜ਼ਿਲਾ ਕੋਠੀ ਪਾਈ ਸੀ। ਪਰਿਵਾਰ 2020 ਤੱਕ ਹਰ ਸਾਲ ਕੋਠੀ ਵਿੱਚ ਆਉਂਦਾ-ਜਾਂਦਾ ਰਿਹਾ ਹੈ। ਫਿਰ ਦੋ-ਢਾਈ ਸਾਲ ਤੋਂ ਕੁਝ ਰੁਝੇਵਿਆਂ ਕਰ ਕੇ ਉਹ ਨਹੀਂ ਆ ਸਕੇ ਅਤੇ ਇਸ ਦੌਰਾਨ ਹੀ ਪਿਛਲੇ ਦੋ ਕੁ ਮਹੀਨੇ ਤੋਂ ਕੋਠੀ ’ਤੇ ਨਾਜਾਇਜ਼ ਕਬਜ਼ਾ ਹੋ ਗਿਆ ਜਦੋਂ ਕਿ ਉਨ੍ਹਾਂ ਕਿਸੇ ਨੂੰ ਵੀ ਮੁਖ਼ਤਿਆਰਨਾਮਾ ਨਹੀਂ ਦਿੱਤਾ ਹੈ। ਜਥੇਬੰਦੀਆਂ ਦੇ ਆਗੂਆਂ ਬਲਰਾਜ ਸਿੰਘ ਕੋਟਉਮਰਾ, ਬੂਟਾ ਸਿੰਘ ਚਕਰ, ਅਵਤਾਰ ਸਿੰਘ ਰਸੂਲਪੁਰ, ਇੰਦਰਜੀਤ ਧਾਲੀਵਾਲ, ਭਰਪੂਰ ਸਿੰਘ, ਹੁਕਮ ਰਾਜ, ਕਿਰਪਾਲ ਸਿੰਘ, ਗੁਰਮੇਲ ਸਿੰਘ ਭੰਮੀਪੁਰਾ, ਕਰਮਜੀਤ ਸਿੰਘ, ਜਗਦੀਸ਼ ਸਿੰਘ, ਪਾਲ ਸਿੰਘ, ਮਨਜੀਤ ਸਿੰਘ ਤੂਰ ਆਦਿ ਨੇ ਕਿਹਾ ਕਿ ਵਿਧਾਇਕ ਮਾਣੂੰਕੇ ਨੇ ਦਬਾਅ ਹੇਠ ਕੋਠੀ ਖਾਲੀ ਕਰਨ ਦਾ ਐਲਾਨ ਤਾਂ ਕੀਤਾ ਪਰ ਚਾਬੀਆਂ ਅਸਲ ਮਾਲਕ ਦੀ ਥਾਂ ਹੁਣ ਵੀ ਕਰਮ ਸਿੰਘ ਸਿੱਧੂ ਨੂੰ ਸੌਂਪੀਆਂ ਹਨ।