ਬਠਿੰਡਾ, 22 ਅਗਸਤ,ਪੰਥਕ ਧਿਰਾਂ ਨੇ ਕੋਟਕਪੂਰਾ ’ਚ ਸਿੱਖਾਂ ਦੇ ਸ਼ਾਂਤਮਈ ਧਰਨੇ ਦੌਰਾਨ ਹੋਏ ‘ਪੁਲੀਸ ਜਬਰ’ ਸਬੰਧੀ ਇੱਕ ਵੀਡੀਓ ਜਾਰੀ ਕਰ ਕੇ ਪੁਲੀਸ ਨੂੰ ‘ਕਟਹਿਰੇ’ ਵਿੱਚ ਖੜ੍ਹਾ ਕਰਦਿਆਂ ਇਸ ਸਬੰਧੀ ਇੱਕ ਆਈ.ਜੀ. ਦੀ ਕਾਰਗੁਜ਼ਾਰੀ ਦੀ ਆਲੋਚਨਾ ਕੀਤੀ ਹੈ। ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਗੁਰਦੀਪ ਸਿੰਘ ਬਠਿੰਡਾ ਅਤੇ ਪੰਥਕ ਆਗੂ ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਸੁਰਿੰਦਰ ਸਿੰਘ ਸੁਭਾਨਵਾਲੇ, ਆਦਿ ਨੇ ਆਖਿਆ ਕਿ ਕੋਟਕਪੂਰਾ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਸ਼ਾਂਤਮਈ ਧਰਨਾ ਚੱਲ ਰਿਹਾ ਸੀ ਤਾਂ ਪੁਲੀਸ ਨੇ ਪਹਿਲਾਂ ਲਾਠੀਚਾਰਜ ਕੀਤਾ। ਪੁਲੀਸ ਝੂਠ ਬੋਲ ਰਹੀ ਹੈ ਕਿ ਸਿੱਖ ਸੰਗਤ ਨੇ ਪਹਿਲ ਕੀਤੀ ਅਤੇ ਪੁਲੀਸ ਨੂੰ ਮਜਬੂਰੀ ਵਿੱਚ ਕਾਰਵਾਈ ਕਰਨੀ ਪਈ।
ਗੁਰਦੀਪ ਸਿੰਘ ਬਠਿੰਡਾ ਨੇ ਵੀਡੀਓ ਜਾਰੀ ਕੀਤੀ, ਜਿਸ ਵਿੱਚ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਲਗਾਤਾਰ ਫੋਨ ’ਤੇ ਗੱਲ ਕਰ ਰਿਹਾ ਹੈ ਤੇ ਮਗਰੋਂ ਲਾਠੀਚਾਰਜ ਹੋ ਜਾਂਦਾ ਹੈ। ਇਹ ਅਧਿਕਾਰੀ ਲਗਾਤਾਰ ਫੋਨ ਕਰਦਾ ਤੇ ਪੁਲੀਸ ਨੂੰ ਆਦੇਸ਼ ਦਿੰਦਾ ਨਜ਼ਰ ਆਉਂਦਾ ਹੈ। ਵੀਡੀਓ ਵਿੱਚ ਪੁਲੀਸ ਮੁਲਾਜ਼ਮ ਹੀ ਇੱਕ ਵਾਹਨ ਨੂੰ ਅੱਗ ਲਾਉਂਦੇ ਅਤੇ ਹੋਰ ਸਾਮਾਨ ਦੀ ਭੰਨ-ਤੋੜ ਕਰਦੇ ਵੀ ਨਜ਼ਰ ਆ ਰਹੇ ਹਨ। ਦੱਸਦਯੋਗ ਹੈ ਕਿ ਘਟਨਾ ਮਗਰੋਂ ਪੁਲੀਸ ਨੇ ਸਾਰਾ ਠੀਕਰਾ ਸਿੱਖ ਸੰਗਤ ਸਿਰ ਭੰਨਿਆ ਸੀ। ਆਗੂਆਂ ਨੇ ਆਖਿਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਆਈ.ਜੀ. ਦੀ ਭੂਮਿਕਾ ਦੀ ਵੀ ਪੜਤਾਲ ਕਰੇ ਅਤੇ ਅਧਿਕਾਰੀ ਸਬੰਧੀ ਸਾਰੇ ਵੇਰਵੇ ਇਕੱਤਰ ਕੀਤੇ ਜਾਣ। ਸਾਰੇ ਤੱਥ ਅਤੇ ਵੀਡੀਓ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸੌਂਪੇ ਜਾਣਗੇ।
ਆਗੂਆਂ ਨੇ ਆਖਿਆ ਕਿ ਇਹ ਘਟਨਾ 14 ਅਕਤੂਬਰ 2015 ਨੂੰ ਵਾਪਰੀ ਸੀ ਅਤੇ ਉਸ ਤੋਂ ਪਹਿਲਾਂ 13 ਅਕਤੂਬਰ ਦੀ ਰਾਤ ਨੂੰ ਪੁਲੀਸ ਤੇ ਸਿਵਲ ਅਫਸਰਾਂ ਦੀ ਮੀਟਿੰਗ ਤਤਕਾਲੀ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੇ ਘਰ ਹੋਈ ਸੀ, ਜਿਸ ਵਿੱਚ ਸੁਮੇਧ ਸੈਣੀ ਸਮੇਤ ਤਕਰੀਬਨ ਸਾਰੇ ਵੱਡੇ ਅਧਿਕਾਰੀ ਸ਼ਾਮਲ ਹੋਏ ਸਨ।
ਆਗੂਆਂ ਨੇ ਆਖਿਆ ਕਿ ਜਦੋਂ ਮੀਟਿੰਗ ਵਿੱਚ ਤਤਕਾਲੀ ਡਿਪਟੀ ਕਮਿਸ਼ਨਰ ’ਤੇ ਲਿਖਤੀ ਰੂਪ ਵਿੱਚ ਲਾਠੀਚਾਰਜ ਕਰਨ ਅਤੇ ਗੋਲੀ ਚਲਾਉਣ ਦੇ ਲਿਖਤੀ ਹੁਕਮ ਜਾਰੀ ਕਰਨ ਦਾ ਦਬਾਅ ਪਾਇਆ ਗਿਆ ਤਾਂ ਡਿਪਟੀ ਕਮਿਸ਼ਨਰ ਨੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਸੀ। ਆਗੂਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਸਿੱਖਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਧੱਕੇਸ਼ਾਹੀ ਕਰਨ ਵਾਲੇ ਪੁਲੀਸ ਅਫਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜੇ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਸੰਘਰਸ਼ ਵਿੱਢਿਆ ਜਾਵੇਗਾ।