ਮੁੰਬਈ:ਅਦਾਕਾਰ ਰੌਨਿਤ ਰੌਏ ਦਾ ਕਹਿਣਾ ਹੈ ਕਿ ਵੱਖ-ਵੱਖ ਭੂਮਿਕਾਵਾਂ ਨਿਭਾਉਣ ਲਈ ਉਸ ਦੀ ਵੱਖਰੀ ਪਹੁੰਚ ਹੈ। ਉਸ ਅਨੁਸਾਰ ਬਹੁਤੇ ਲੋਕ ਸੋਚਦੇ ਹਨ ਕਿ ਉਹ ਆਸਾਨੀ ਨਾਲ ਹਰ ਕਿਰਦਾਰ ਨਿਭਾਅ ਸਕਦੇ ਹਨ ਪਰ ਉਸ ਦਾ ਮੰਨਣਾ ਹੈ ਕਿ ਕੋਈ ਵੀ ਅਦਾਕਾਰ ਅਜਿਹਾ ਨਹੀਂ ਕਰ ਸਕਦਾ। ਉਸ ਨੇ ਕਿਹਾ, ‘‘ਇਹ ਸੱਚ ਨਹੀਂ ਹੈ। ਮੈਂ ਕੁਝ ਆਲੋਚਕਾਂ ਦੀਆਂ ਲਿਖਤਾਂ ਪੜ੍ਹੀਆਂ ਹਨ ਕਿ ਉਹ ਆਸਾਨੀ ਨਾਲ ਕੋਈ ਵੀ ਰੋਲ ਅਦਾ ਕਰ ਸਕਦਾ ਹੈ ਪਰ ਅਜਿਹਾ ਨਹੀਂ ਹੁੰਦਾ। ਤੁਸੀਂ ਅਜਿਹਾ ਕਦੇ ਨਹੀਂ ਕਰ ਸਕਦੇ। ਘੱਟੋ-ਘੱਟ ਮੈਂ ਤਾਂ ਨਹੀਂ ਕਰ ਸਕਦਾ।’’ ਉਸ ਨੇ ਕਿਹਾ, ‘‘ਮੇਰਾ ਹਰ ਕਿਰਦਾਰ ਵੱਖਰਾ ਹੁੰਦਾ ਹੈ। ਮੈਂ ‘ਉਡਾਨ, ‘2 ਸਟੇਟਸ’ ਅਤੇ ‘7 ਕਦਮ’ ਵਿੱਚ ਪਿਤਾ ਦਾ ਕਿਰਦਾਰ ਅਦਾ ਕੀਤਾ ਪਰ ਤਿੰਨੋਂ ਭੂਮਿਕਾਵਾਂ ਵੱਖਰੀਆਂ ਸਨ। ਇਨ੍ਹਾਂ ਸਾਰੇ ਪਾਤਰਾਂ ਵਿੱਚ ਇਕੋ ਅਦਾਕਾਰ ਹੋਣਾ ਇਕ ਸਮਾਨਤਾ ਹੋ ਸਕਦੀ ਹੈ ਪਰ ਉਹ ਤਿੰਨ ਵੱਖਰੇ ਲੋਕ ਹਨ।’’ ਰੌਨਿਤ ਅਨੁਸਾਰ ਉਹ ਅਜਿਹੇ ਕਿਰਦਾਰ ਨਹੀਂ ਕਰਦਾ, ਜਿਸ ਵਿੱਚ ਉਸ ਨੂੰ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ।