ਕੈਲਫ਼ੋਰਨੀਆ : ਕੈਲੇਫੋਰਨੀਆ ਦੀ ਸੈਨ ਬਰਨਾਰਡੀਨੋ ਕਾਊਂਟੀ ਦੇ ਪਹਾੜੀ ਇਲਾਕੇ ਵਿਚ ਇਕ ਤੇਜ਼ ਰਫ਼ਤਾਰ ਬੱਸ ਦੇ ਪਲਟਣ ਕਾਰਨ ਤਕਰੀਬਨ 23 ਜਣੇ ਜ਼ਖਮੀ ਹੋ ਗਏ। ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਹਾਦਸਾ ਐਤਵਾਰ ਰਾਤ ਤਕਰੀਬਨ 9 ਵਜੇ ਹਾਈਵੇਅ 330 ’ਤੇ ਹਾਈਲੈਂਡ ਐਂਡ ਰਨਿੰਗ ਸਪ੍ਰਿੰਗਜ਼ ਦਰਮਿਆਨ ਵਾਪਰਿਆ। ਬੱਸ ਵਿਚ 36 ਮੁਸਾਫ਼ਰ ਸਵਾਰ ਸਨ ਜਿਨ੍ਹਾਂ ਵਿਚੋਂ ਤਿੰਨ ਗੰਭੀਰ ਦੱਸੇ ਜਾ ਰਹੇ ਹਨ ਅਤੇ ਕੁਲ 20 ਮੁਸਾਫ਼ਰਾਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਬਾਕੀ ਮੁਸਾਫ਼ਰਾਂ ਦੇ ਮਾਮੂਲੀ ਸੱਟਾਂ ਵੱਜੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਜ਼ਰੂਰਤ ਨਾ ਪਈ। ਫ਼ਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਕੈਲੇਫੋਰਨੀਆ ਹਾਈਵੇਅ ਪੈਟਰੋਲ ਦੇ ਅਫ਼ਸਰਾਂ ਨਾਲ ਤਾਲਮੇਲ ਤਹਿਤ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਜੀ.ਟੀ.ਏ. ਵਿਚ ਬਰਫ਼ਬਾਰੀ ਦੇ ਪਹਿਲੇ ਦਿਨ 140 ਤੋਂ ਵੱਧ ਹਾਦਸੇ
ਹਾਦਸੇ ਦੀ ਇਤਲਾਹ ਮਿਲਣ ’ਤੇ ਸਭ ਤੋਂ ਪਹਿਲਾਂ ਸੈਨ ਬਰਨਾਰਡੀਨੋ ਨੈਸ਼ਨਲ ਫੌਰੈਸਟ ਦੇ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਇਸ ਮਗਰੋਂ ਬਿਗ ਬਿਅਰ, ਐਰੋ ਬਿਅਰ ਤੇ ਰਨਿੰਗ ਸਪ੍ਰਿੰਗਜ਼ ਫਾਇਰ ਡਿਪਾਰਟਮੈਂਟਸ ਦੇ ਫਾਇਰ ਫਾਈਟਰਜ਼ ਨੇ ਮੋਰਚਾ ਸੰਭਾਲ ਲਿਆ। ਦੂਜੇ ਪਾਸੇ ਗਰੇਟਰ ਟੋਰਾਂਟੋ ਏਰੀਆ ਵਿਚ ਪਹਿਲੀ ਬਰਫ਼ਬਾਰੀ ਮਗਰੋਂ 140 ਹਾਦਸੇ ਹੋਣ ਦੀ ਰਿਪੋਰਟ ਹੈ। ਐਤਵਾਰ ਸਵੇਰੇ ਵੌਅਨ ਵਿਖੇ ਕਈ ਗੱਡੀਆਂ ਦੀ ਭੇੜ ਵਿਚ ਪੈਦਲ ਜਾ ਰਹੀ ਬਜ਼ੁਰੁਗ ਔਰਤ ਫਸ ਗਈ ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਯਾਰਕ ਰੀਜਨਲ ਪੁਲਿਸ ਵੱਲੋਂ ਮੁਢਲੇ ਤੌਰ ’ਤੇ ਔਰਤ ਦੀ ਹਾਲਤ ਨਾਜ਼ੁਕ ਦੱਸੀ ਗਈ ਪਰ ਹੁਣ ਸਥਿਰ ਦੱਸੀ ਜਾ ਰਹੀ ਹੈ। ਯਾਰਕ ਰੀਜਨਲ ਪੁਲਿਸ ਦੇ ਮੇਜਰ ਕੋਲੀਜ਼ਨ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ ਐਡਮਿੰਟਨ ਵਿਖੇ ਐਤਵਾਰ ਬਾਅਦ ਦੁਪਹਿਰ ਵਾਪਰੇ ਹਾਦਸੇ ਦੌਰਾਨ 2 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਪੁਲਿਸ ਨੇ ਦੱਸਿਆ ਕਿ 167 ਐਵੇਨਿਊ ਅਤੇ 97 ਸਟ੍ਰੀਟ ਦੇ ਇੰਟਰਸੈਕਸ਼ਨ ’ਤੇ ਤਿੰਨ ਗੱਡੀਆਂ ਦੀ ਟੱਕਰ ਹੋਈ ਜੋ ਬਾਅਦ ਵਿਚ ਬਿਜਲੀ ਦੇ ਖੰਭੇ ਵਿਚ ਵੱਜੀਆਂ।














