ਦੀਵਾਲੀ ਹੁਣ ਅਧਿਕਾਰਿਤ ਤੌਰ ‘ਤੇ ਅਮਰੀਕੀ ਰਾਜ ਕੈਲੀਫੋਰਨੀਆ ਵਿੱਚ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਈ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਮੰਗਲਵਾਰ ਨੂੰ ਅਸੈਂਬਲੀ ਬਿੱਲ 268 ‘ਤੇ ਦਸਤਖਤ ਕਰਕੇ ਕਾਨੂੰਨ ਬਣਾ ਦਿੱਤਾ ਹੈ। ਇਸ ਕਾਨੂੰਨ ਦੇ ਤਹਿਤ, ਕੈਲੀਫੋਰਨੀਆ ਦੇ ਸਰਕਾਰੀ ਕਰਮਚਾਰੀ, ਕਮਿਊਨਿਟੀ ਕਾਲਜ ਅਤੇ ਸਰਕਾਰੀ ਸਕੂਲ ਹੁਣ ਦੀਵਾਲੀ ‘ਤੇ ਛੁੱਟੀ ਲੈ ਸਕਣਗੇ। ਇਸ ਦੇ ਨਾਲ ਹੀ, ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਦੀਵਾਲੀ ਦੇ ਅਰਥ ਅਤੇ ਮਹੱਤਵ ਬਾਰੇ ਪ੍ਰੋਗਰਾਮ ਆਯੋਜਿਤ ਕਰਨ ਦੀ ਵੀ ਆਗਿਆ ਦਿੱਤੀ ਗਈ ਹੈ। ਬਿੱਲ ਵਿੱਚ ਕਿਹਾ ਗਿਆ ਹੈ ਕਿ ਰਾਜ ਦੇ ਕਰਮਚਾਰੀ ਦੀਵਾਲੀ ‘ਤੇ ਤਨਖਾਹ ਵਾਲੀ ਛੁੱਟੀ ਲੈ ਸਕਦੇ ਹਨ। ਸਕੂਲ ਅਤੇ ਕਾਲਜ ਦੀਵਾਲੀ ‘ਤੇ ਬੰਦ ਰਹਿ ਸਕਦੇ ਹਨ। ਵਿਦਿਅਕ ਸੰਸਥਾਵਾਂ ਦੀਵਾਲੀ ਦੇ ਸੱਭਿਆਚਾਰਕ ਅਤੇ ਸਮਾਜਿਕ ਮਹੱਤਵ ਨੂੰ ਉਜਾਗਰ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰ ਸਕਦੀਆਂ ਹਨ।

ਇਸ ਫੈਸਲੇ ਨਾਲ ਕੈਲੀਫੋਰਨੀਆ ਵਿੱਚ ਰਹਿਣ ਵਾਲੇ ਦੱਖਣੀ ਏਸ਼ੀਆਈ ਮੂਲ ਦੇ ਲਗਭਗ 10 ਲੱਖ ਲੋਕਾਂ ਵਿੱਚ ਖਾਸ ਕਰਕੇ ਭਾਰਤੀ ਅਤੇ ਭਾਰਤੀ-ਅਮਰੀਕੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ । ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਸਾਬਕਾ ਸਲਾਹਕਾਰ ਅਤੇ ਸਿਲੀਕਾਨ ਵੈਲੀ ਦੇ ਮਸ਼ਹੂਰ ਉੱਦਮੀ ਅਤੇ ਪਰਉਪਕਾਰੀ ਅਜੈ ਭੂਟੋਰੀਆ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ X ‘ਤੇ ਇੱਕ ਪੋਸਟ ਵਿੱਚ ਲਿਖਿਆ ਦੀਵਾਲੀ ਨੂੰ ਕੈਲੀਫੋਰਨੀਆ ਰਾਜ ਦੀ ਛੁੱਟੀ ਬਣਾਉਣ ਲਈ ਗਵਰਨਰ ਗੈਵਿਨ ਨਿਊਸਮ ਦਾ ਧੰਨਵਾਦ। ਅਸੈਂਬਲੀ ਮੈਂਬਰਾਂ ਆਸ਼ ਕਾਲੜਾ ਅਤੇ ਦਰਸ਼ਨ ਪਟੇਲ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਸ ਬਿੱਲ ਨੂੰ ਸਦਨ ਵਿੱਚ ਲਿਆਂਦਾ, ਇਹ ਰੌਸ਼ਨੀ, ਏਕਤਾ ਅਤੇ ਵਿਭਿੰਨਤਾ ਦਾ ਜਸ਼ਨ ਹੈ।

ਅਜੈ ਭੂਟੋਰੀਆ ਨੇ ਅੱਗੇ ਕਿਹਾ ਅੱਜ ਕੈਲੀਫੋਰਨੀਆ ਦੀ ਸਮਾਵੇਸ਼ ਦੀ ਯਾਤਰਾ ਵਿੱਚ ਇੱਕ ਚਮਕਦਾਰ ਮੀਲ ਪੱਥਰ ਹੈ। ਦੀਵਾਲੀ ਨਿਰਾਸ਼ਾ ਉੱਤੇ ਉਮੀਦ, ਵੰਡ ਉੱਤੇ ਏਕਤਾ ਅਤੇ ਅਗਿਆਨਤਾ ਉੱਤੇ ਗਿਆਨ ਦੀ ਜਿੱਤ ਦਾ ਪ੍ਰਤੀਕ ਹੈ – ਇੱਕ ਸੰਦੇਸ਼ ਜੋ ਇੱਥੇ ਰਹਿਣ ਵਾਲੇ ਹਰ ਦੱਖਣੀ ਏਸ਼ੀਆਈ ਦੇ ਦਿਲ ਵਿੱਚ ਗੂੰਜਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਫੈਸਲਾ ਸਿਰਫ਼ ਇੱਕ ਛੁੱਟੀ ਨਹੀਂ ਹੈ, ਸਗੋਂ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ਅਤੇ ਵਿਰਾਸਤ ਨੂੰ ਸ਼ਰਧਾਂਜਲੀ ਹੈ।