ਗਾਜ਼ੀਆਬਾਦ, 2 ਫਰਵਰੀ

ਅਮਰੀਕਾ ਤੋਂ ਭੇਜੇ ਫੇਸਬੁੱਕ ਦੇ ਅਲਰਟ ਨੇ ਗਾਜ਼ੀਆਬਾਦ ਵਿੱਚ ਇੱਕ ਨੌਜਵਾਨ ਦੀ ਜਾਨ ਬਚਾ ਲਈ ਹੈ। ਇਹ ਨੌਜਵਾਨ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਖੁਦਕੁਸ਼ੀ ਕਰਨ ਲੱਗਾ ਸੀ ਜਦੋਂ ਕੈਲੀਫੋਰਨੀਆ ਸਥਿਤ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੇਟਾ ਹੈੱਡਕੁਆਰਟਰ ਨੇ ਵੀਡੀਓ ਦੀ ਸਮੀਖਿਆ ਕੀਤੀ ਅਤੇ ਉੱਤਰ ਪ੍ਰਦੇਸ਼ ਪੁਲੀਸ ਨੂੰ ਅਲਰਟ ਭੇਜਿਆ ਜੋ ਉਸ ਦੇ ਮੋਬਾਈਲ ਦੀ ਲੋਕੇਸ਼ਨ ਟਰੇਸ ਕਰਕੇ ਉਸ ਦੇ ਘਰ ਪੁੱਜੀ ਤੇ 15 ਮਿੰਟਾਂ ਵਿੱਚ ਨੌਜਵਾਨ ਨੂੰ ਬਚਾ ਲਿਆ। ਖੁਦਕੁਸ਼ੀ ਕਰਨ ਵਾਲੇ 23 ਸਾਲਾ ਨੌਜਵਾਨ ਦੀ ਪਛਾਣ ਅਭੈ ਸ਼ੁਕਲਾ ਵਜੋਂ ਹੋਈ ਹੈ, ਜਿਸ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਨੌਜਵਾਨ ਦੀ ਛੇ ਘੰਟੇ ਕਾਊਂਸਲਿੰਗ ਕੀਤੀ ਗਈ ਤਾਂ ਕਿ ਉਹ ਮੁੜ ਅਜਿਹਾ ਕਦਮ ਮੁੜ ਨਾ ਚੁੱਕੇ। ਯੂਪੀ ਪੁਲੀਸ ਨੇ ਪਿਛਲੇ ਸਾਲ ਮਾਰਚ ਵਿੱਚ ਮੇਟਾ ਕੰਪਨੀ ਨਾਲ ਸਮਝੌਤਾ ਕੀਤਾ ਸੀ ਕਿ ਜੇਕਰ ਫੇਸਬੁੱਕ ਜਾਂ ਇੰਸਟਾਗ੍ਰਾਮ ’ਤੇ ਖੁਦਕੁਸ਼ੀ ਨਾਲ ਸਬੰਧਤ ਕੋਈ ਪੋਸਟ ਪਾਉਂਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਅਲਰਟ ਕੀਤਾ ਜਾਵੇ।