ਵਿਨੀਪੈਗ,  : ਕੈਲਵਿਨ ਗੋਏਰਟਜ਼ਨ ਨੂੰ ਮੈਨੀਟੋਬਾ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦਾ ਅੰਤਰਿਮ ਆਗੂ ਚੁਣਿਆ ਗਿਆ ਹੈ ਤੇ ਬੁੱਧਵਾਰ ਨੂੰ ਉਹ ਅੰਤਰਿਮ ਪ੍ਰੀਮੀਅਰ ਵਜੋਂ ਸੰਹੁ ਚੁੱਕਣਗੇ।
ਇਹ ਫੈਸਲਾ ਮੰਗਲਵਾਰ ਸ਼ਾਮ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਕਾਕਸ ਵੱਲੋਂ ਲਿਆ ਗਿਆ। ਗੋਏਰਟਜ਼ਨ, ਬੁੱਧਵਾਰ ਨੂੰ ਅਹੁਦਾ ਛੱਡਣ ਜਾ ਰਹੇ ਬ੍ਰਾਇਨ ਪੈਲਿਸਤਰ ਦੀ ਥਾਂ ਲੈਣਗੇ।ਪੀਸੀ ਕਾਕਸ ਚੇਅਰ ਗ੍ਰੈੱਗ ਨੈਸਬਿੱਟ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਕਾਕਸ ਦੇ ਭਵਿੱਖ ਦੇ ਸਬੰਧ ਵਿੱਚ ਮੀਟਿੰਗ ਦੌਰਾਨ ਸਕਾਰਾਤਮਕ ਗੱਲਬਾਤ ਹੋਈ ਤੇ ਰਲ ਕੇ ਅੰਤਰਿਮ ਆਗੂ ਦੀ ਚੋਣ ਦਾ ਫੈਸਲਾ ਕੀਤਾ ਗਿਆ। ਸਰਬਸੰਮਤੀ ਨਾਲ ਇਹ ਤੈਅ ਕੀਤਾ ਗਿਆ ਕਿ ਇਸ ਸਾਲ ਦੇ ਅੰਤ ਤੱਕ ਜਦੋਂ ਤੱਕ ਕਿਸੇ ਨਵੇਂ ਆਗੂ ਦੀ ਚੋਣ ਨਹੀਂ ਕਰ ਲਈ ਜਾਂਦੀ ਇਸ ਅੰਤਰਿਮ ਪੀਰੀਅਡ ਦੌਰਾਨ ਸਾਡੀ ਅਗਵਾਈ ਕਰਨ ਲਈ ਕੈਲਵਿਨ ਗੋਏਰਟਜ਼ਨ ਹੀ ਬਿਹਤਰ ਰਹਿਣਗੇ।
ਗੋਏਰਟਜ਼ਨ ਪਹਿਲੀ ਵਾਰੀ 2003 ਵਿੱਚ ਸਟੇਨਬੈਕ ਤੋਂ ਐਮਐਲਏ ਚੁਣੇ ਗਏ ਸਨ ਤੇ ਉਦੋਂ ਤੋਂ ਹੁਣ ਤੱਕ ਉਹ ਵਾਰੀ ਵਾਰੀ ਚੁਣੇ ਗਏ ਹਨ। ਇਸ ਤੋਂ ਪਹਿਲਾਂ ਗੋਏਰਟਜ਼ਨ ਸਿਹਤ, ਸੀਨੀਅਰਜ਼ ਅਤੇ ਐਕਟਿਵ ਲਿਵਿੰਗ ਮੰਤਰੀ, ਸਿੱਖਿਆ ਮੰਤਰੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਪਿੱਛੇ ਜਿਹੇ ਗੋਏਰਟਜ਼ਨ ਮਨਿਸਟਰ ਆਫ ਲੈਜਿਸਲੇਟਿਵ ਐਂਡ ਪਬਲਿਕ ਅਫੇਅਰਜ਼ ਤੇ ਡਿਪਟੀ ਪ੍ਰੀਮੀਅਰ ਆਫ ਮੈਨੀਟੋਬਾ ਦੇ ਅਹੁਦੇ ਉੱਤੇ ਵੀ ਸੇਵਾ ਨਿਭਾਅ ਚੁੱਕੇ ਹਨ।