ਕੈਲਗਰੀ — ਕੈਨੇਡੀਅਨ ਸ਼ਹਿਰ ਕੈਲਗਰੀ ‘ਚ 2 ਵੱਖ-ਵੱਖ ਘਰਾਂ ‘ਚੋਂ 3 ਲਾਸ਼ਾਂ ਮਿਲਣ ਦੀ ਖਬਰ ਮਿਲੀ ਹੈ। ਪੁਲਸ ਨੇ ਸ਼ੱਕੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਕੈਲਗਰੀ ਪੁਲਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਇਕ ਸ਼ੱਕੀ ਨੂੰ ਹਿਰਾਸਤ ‘ਚ ਲਿਆ ਹੈ, ਜਿਸ ‘ਤੇ ਸ਼ੱਕ ਹੈ ਕਿ ਉਸ ਨੇ ਦੋ ਘਰਾਂ ‘ਚ ਰਹਿਣ ਵਾਲੀਆਂ ਦੋ ਔਰਤਾਂ ਅਤੇ ਇਕ ਵਿਅਕਤੀ ਦਾ ਕਤਲ ਕੀਤਾ ਹੈ। ਫਿਲਹਾਲ ਉਨ੍ਹਾਂ ਨੇ ਸ਼ੱਕੀ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ।
ਪੁਲਸ ਦਾ ਮੰਨਣਾ ਹੈ ਕਿ ਭਾਵੇਂ ਲਾਸ਼ਾਂ ਦੋ ਘਰਾਂ ‘ਚੋਂ ਮਿਲੀਆਂ ਹਨ ਪਰ ਇਨ੍ਹਾਂ ਕਤਲਾਂ ਦਾ ਆਪਸ ‘ਚ ਕੋਈ ਨਾ ਕੋਈ ਕੁਨੈਕਸ਼ਨ ਜ਼ਰੂਰ ਹੈ। ਇਸ ਤੋਂ ਇਲਾਵਾ ਪੁਲਸ ਨੇ ਹੋਰ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਕੀਤਾ। ਉਨ੍ਹਾਂ ਕਿਹਾ ਕਿ ਉਹ ਇਹ ਕਹਿ ਸਕਦੇ ਹਨ ਕਿ ਮਾਰੇ ਗਏ ਵਿਅਕਤੀ ਅਤੇ ਸ਼ੱਕੀ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਕਿਹਾ ਕਿ ਇਹ ਕਹਿਣਾ ਅਜੇ ਔਖਾ ਹੈ ਕਿ ਇਨ੍ਹਾਂ ਵਿਅਕਤੀਆਂ ਦਾ ਕਤਲ ਕਿਵੇਂ ਅਤੇ ਕਿਉਂ ਕੀਤਾ ਗਿਆ ? ਪੁਲਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਘਰੇਲੂ ਝਗੜਾ ਹੋਵੇ, ਜਿਸ ਨੇ ਹਿੰਸਕ ਰੂਪ ਧਾਰ ਲਿਆ ਹੋਵੇ। ਮਾਮਲੇ ਦੀ ਜਾਂਚ ਕਰ ਰਹੇ ਸਟਾਫ ਸਰਜੈਂਟ ਪੀਟਰ ਦੁਚਨਿਜ ਨੇ ਇਸ ਮੁੱਦੇ ‘ਤੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਅਧਿਕਾਰੀਆਂ ਨੂੰ ਪਹਿਲੀ ਔਰਤ ਦੀ ਲਾਸ਼ ਐਪਲਵਿਲੇਜ ਕੋਰਟ ਦੇ 2000 ਬਲਾਕ ‘ਚੋਂ ਸਵੇਰੇ 11 ਕੁ ਵਜੇ ਮਿਲੀ। ਹਿਡਨ ਵੈਲੀ ਡਰਾਈਵ ਦੇ 10100 ਬਲਾਕ ਕੋਲੋਂ ਪੁਲਸ ਨੂੰ 1 ਵਿਅਕਤੀ ਅਤੇ 2 ਔਰਤ ਦੀਆਂ ਲਾਸ਼ਾਂ ਮਿਲੀਆਂ। ਵਾਰਦਾਤ ਵਾਲੀ ਥਾਂ ਤੋਂ ਹੀ ਉਨ੍ਹਾਂ ਨੇ ਇਕ ਸ਼ੱਕੀ ਨੂੰ ਹਿਰਾਸਤ ‘ਚ ਲਿਆ, ਜਿਸ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਘਰਾਂ ਦੇ ਗੁਆਂਢ ‘ਚ ਰਹਿਣ ਵਾਲਿਆਂ ਨੇ ਕਿਹਾ ਕਿ ਇਹ ਬਹੁਤ ਖੌਫਨਾਕ ਹੈ ਅਤੇ ਹਰ ਕੋਈ ਡਰ ਗਿਆ ਹੈ।