ਅੰਮ੍ਰਿਤਸਰ, 5 ਅਕਤੂਬਰ:
ਵਾਰਡ ਨੰ: 49 ਵਿਖੇ 18 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਟਿਊਬਵੈਲ ਦਾ ਉਦਘਾਟਨ ਕਰਦਿਆਂ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ ਸਾਰੀਆਂ ਵਾਰਡਾਂ ਵਿੱਚ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਟਿਊਬਵੈਲ ਲਗਾਏ ਗਏ ਹਨ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਆਵੇਗੀ।
ਸ੍ਰੀ ਸੋਨੀ ਨੇ ਕਿਹਾ ਕਿ ਸਾਰੀਆਂ ਵਾਰਡਾਂ ਵਿੱਚ ਐਲ:ਈ:ਡੀ ਲਾਈਟਾਂ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਕੁਝ ਵਾਰਡਾਂ ਵਿੱਚ ਰਹਿੰਦੀਆਂ ਗਲੀਆਂ ਨਾਲੀਆਂ ਨੂੰ ਪੱਕਿਆਂ ਕਰਨ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਇਸ ਮੌਕੇ ਸ੍ਰੀ ਸੋਨੀ ਵੱਲੋਂ ਵਾਰਡ ਨੰ: 49 ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਰੀਖਣ ਵੀ ਕੀਤਾ ਗਿਆ ਅਤੇ ਸਬੰਧਤ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਕੰਮ ਗੁਣਵੱਤਾ ਭਰਪੂਰ ਹੋਣੇ ਚਾਹੀਦੇ ਹਨ ਅਤੇ ਵਿਕਾਸ ਦੇ ਕਾਰਜਾਂ ਵਿਚ ਕਿਸੇ ਕਿਸਮ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਮੁਕੰਮਲ ਤੌਰ ਤੇ ਲਾਕਡਾਊਨ ਹਟਾ ਦਿੱਤਾ ਗਿਆ ਹੈ ਅਤੇ ਹੁਣ ਲੋਕਾਂ ਦਾ ਫਰਜ ਬਣਦਾ ਹੈ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਸਾਵਧਾਨੀਆਂ ਦੀ ਪੂਰੀ ਤਰ੍ਰਾਂ ਪਾਲਣਾ ਕਰੀਏ ਅਤੇ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਨੂੰ ਯਕੀਨੀ ਬਣਾਈਏ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਸ੍ਰੀ ਸੁਨੀਲ ਕਮਾਰ ਕਾਉਂਟੀ, ਬੌਬੀ ਮਹਾਜਨ, ਪੰਕਜ ਮਹਾਜਨ, ਵਿਵੇਕ ਸ਼ਰਮਾ, ਬੌਬੀ ਸ਼ਰਮਾ, ਗੌਰਵ ਭੱਲਾ, ਅਮਨ ਅਰੋੜਾ, ਹੈਪੀ ਮਹਾਜਨ ਤੋਂ ਇਲਾਵਾ ਵਾਸੀ ਵੀ ਹਾਜਰ ਸਨ।