ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਬ੍ਰਹਮ ਮਹਿੰਦਰਾ ਦੀ ਅੱਜ ਦੇਰ ਸ਼ਾਮ ਇੱਥੋਂ ਦੇ ਫੇਜ਼-8 ਸਥਿਤ ਫੋਰਟਿਸ ਹਸਪਤਾਲ ’ਚ ਬਾਈਪਾਸ ਸਰਜਰੀ ਕੀਤੀ ਗਈ। ਇਸ ਤੋਂ ਪਹਿਲਾਂ ਦੁਪਹਿਰ ਵੇਲੇ ਉਨ੍ਹਾਂ ਦੀ ਪੇਟ ਦੀ ਇੱਕ ਅੰਤੜੀ ਦਾ ਅਪਰੇਸ਼ਨ ਕੀਤਾ ਗਿਆ। ਇਸ ਦੀ ਪੁਸ਼ਟੀ ਕਰਦਿਆਂ ਫੋਰਟਿਸ ਹੈਲਥ ਕੇਅਰ ਦੇ ਮੈਡੀਕਲ ਡਾਇਰੈਕਟਰ ਡਾ. ਅਭਿਜੀਤ ਸਿੰਘ ਨੇ ਦੱਸਿਆ ਕਿ ਬ੍ਰਹਮ ਮਹਿੰਦਰਾ ਦੇ ਦਿਲ ਵਿੱਚ ਬਲਾਕਿਜ ਸੀ, ਜਿਸ ਕਰਕੇ ਉਨ੍ਹਾਂ ਦੀ ਬਾਈਪਾਸ ਸਰਜਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਆਈਸੀਯੂ ਵਿੱਚ ਦਾਖ਼ਲ ਹਨ ਅਤੇ ਹੁਣ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ। ਉਨ੍ਹਾਂ ਦੱਸਿਆ ਕਿ ਪੇਟ ਦੀਆਂ ਅੰਤੜੀਆਂ ਵਾਲੀਆਂ ਦਿੱਕਤਾਂ ਵੀ ਅਪਰੇਸ਼ਨ ਤੋਂ ਬਾਅਦ ਲਗਭਗ ਠੀਕ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਲੰਘੇ ਐਤਵਾਰ ਦੀ ਰਾਤ ਅਚਾਨਕ ਕੈਬਨਿਟ ਮੰਤਰੀ ਦੀ ਸਿਹਤ ਖ਼ਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪੇਟ ਦੀਆਂ ਅੰਤੜੀਆਂ ਖ਼ਰਾਬ ਦੱਸੀਆਂ ਜਾ ਰਹੀਆਂ ਸਨ। ਅੱਜ ਦੁਪਹਿਰ ਵੇਲੇ ਮਾਹਿਰ ਡਾਕਟਰਾਂ ਦੀ ਅਗਵਾਈ ਵਾਲੀ ਮੈਡੀਕਲ ਟੀਮ ਵੱਲੋਂ ਕੈਬਨਿਟ ਮੰਤਰੀ ਦੇ ਪੇਟ ਦੀ ਇਕ ਅੰਤੜੀ ਦਾ ਅਪਰੇਸ਼ਨ ਵੀ ਕੀਤਾ ਗਿਆ ਹੈ। ਪਤਾ ਲੱਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਪਰੇਸ਼ਨ ਕੀਤੇ ਜਾਣੇ ਹਨ। ਪਤਾ ਲੱਗਾ ਹੈ ਕਿ ਕਾਂਗਰਸ ਆਗੂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਉਧਰ, ਅੱਜ ਦੁਪਹਿਰ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੋਰਟਿਸ ਹਸਪਤਾਲ ਪਹੁੰਚ ਕੇ ਸਾਥੀ ਮੰਤਰੀ ਦੀ ਖ਼ਬਰ-ਸਾਰ ਲਈ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਤੇ ਇਲਾਜ ਵਿੱਚ ਜੁਟੀ ਮੈਡੀਕਲ ਟੀਮ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਸ੍ਰੀ ਮਹਿੰਦਰਾ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ ਅਤੇ ਪਰਿਵਾਰ ਦੇ ਜੀਆਂ ਨੂੰ ਹੌਸਲਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਕਰੀਬ ਅੱਧਾ ਘੰਟਾ ਹਸਪਤਾਲ ਵਿੱਚ ਰੁਕੇ। ਇਸ ਦੌਰਾਨ ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਭਾਰਤ ਭੂਸ਼ਣ ਆਸ਼ੂ, ਬੱਸੀ ਪਠਾਣਾ ਦੇ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਤੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਸਣੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਤੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਸਣੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਦੌਰਾਨ ਹਸਪਤਾਲ ਵਿੱਚ ਬ੍ਰਹਮ ਮਹਿੰਦਰਾ ਦੀ ਪਤਨੀ ਤੇ ਬੇਟਾ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ।