ਚੰਡੀਗੜ੍ਹ, 2 ਜੁਲਾਈ

ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਦੋ ਦਿਨ ਬਾਅਦ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਬਿਜਲੀ ਦੇ ਕੱਟ ਜਾਂ ਦਫਤਰਾਂ ਦੇ ਸਮੇਂ ਨੂੰ ’ਚ ਤਬਦੀਲੀ ਕਰਨ ਦੀ ਥਾਂ ਨਿੱਜੀ ਥਰਮਲ ਪਲਾਂਟਾਂ ਤੋਂ ਬਿਜਲੀ ਖਰੀਦਣ ਦੀ ਲਾਗਤ ਨੂੰ ਘੱਟ ਕਰਨ ਲਈ ਸਹੀ ਦਿਸ਼ਾ ਵੱਲ ਕੰਮ ਕਰਨ। ਟਵੀਟ ਦੀ ਝੜੀ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਬਿਜਲੀ ਖਰੀਦ ਖਰਚੇ ’ਤੇ ਕਾਬੂ ਪਾਉਣ ਲਈ ਪੰਜਾਬ ਵਿਧਾਨ ਸਭਾ ਵਿਚ ਨਵਾਂ ਕਾਨੂੰਨ ਲਿਆਉਣ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਚ ਸੋਧ ਕਰਨ ਨਾਲ ਬਿਜਲੀ ਸਮਝੌਤੇ ਰੱਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਔਸਤਨ 4. .4 ਰੁਪਏ ਪ੍ਰਤੀ ਯੂਨਿਟ ਦੀ ਲਾਗਤ ਨਾਲ ਬਿਜਲੀ ਖਰੀਦ ਰਿਹਾ ਹੈ, ਜਦ ਕਿ ਕੌਮੀ ਔਸਤ 3.85 ਰੁਪਏ ਪ੍ਰਤੀ ਯੂਨਿਟ ਹੈ ਅਤੇ ਚੰਡੀਗੜ੍ਹ ਪ੍ਰਤੀ ਯੂਨਿਟ ਬਿਜਲੀ ਖਰੀਦਣ ਲਈ 3.44 ਰੁਪਏ ਖਰਚ ਰਿਹਾ ਹੈ। ਪੰਜਾਬ ਦੀ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ‘ਤੇ ਲੋੜ ਤੋਂ ਵੱਧ ਨਿਰਭਰਤਾ ਕਾਰਨ ਉਸ ਦੀ ਬਿਜਲੀ ਖਰੀਦ ਪ੍ਰਤੀ ਯੂਨਿਟ 5-8 ਰੁਪਏ ਹੈ। ਤਿੰਨਾਂ ਪਲਾਂਟਾਂ ਨਾਲ ਬਿਜਲੀ ਖਰੀਦ ਸਮਝੌਤੇ (ਪੀਪੀਏ) ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕੀਤੇ ਸਨ। ਸਿੱਧੂ ਨੇ ਦਾਅਵਾ ਕੀਤਾ ਕਿ 2020 ਤੱਕ ਇਨ੍ਹਾਂ ਸਮਝੌਤਿਆਂ ਵਿੱਚ ਨੁਕਸਦਾਰ ਧਾਰਾਵਾਂ ਕਾਰਨ ਪੰਜਾਬ ਪਹਿਲਾਂ ਹੀ 5,400 ਕਰੋੜ ਰੁਪਏ ਦਾ ਭੁਗਤਾਨ ਕਰ ਚੁੱਕਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਰਾਸ਼ਟਰੀ ਗਰਿੱਡ ਤੋਂ ਬਹੁਤ ਸਸਤੀਆਂ ਦਰਾਂ ’ਤੇ ਬਿਜਲੀ ਖਰੀਦ ਸਕਦਾ ਹੈ।