ਚੰਡੀਗੜ੍ਹ, ਪੰਜਾਬ ਸਰਕਾਰ ਨੇ ਕਾਫ਼ੀ ਦੇਰ ਤੋਂ ਉਡੀਕੀ ਜਾ ਰਹੀ ਕਰਜ਼ਾ ਮੁਆਫ਼ੀ ਯੋਜਨਾ ਲਾਗੂ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ। ਪਹਿਲੇ ਪੜਾਅ ਵਿੱਚ ਸਹਿਕਾਰੀ ਬੈਂਕਾਂ ਦੇ ਖਾਤਾਧਾਰੀ ਕਿਸਾਨਾਂ ਦਾ ਦੋ ਲੱਖ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਇਸ ਦਾ 6.42 ਲੱਖ ਕਿਸਾਨਾਂ ਨੂੰ ਲਾਹਾ ਮਿਲੇਗਾ। ਰਾਜ ਸਰਕਾਰ ਨੂੰ ਸਹਿਕਾਰੀ ਬੈਂਕਾਂ ਦੇ ਕਰਜ਼ਈ ਕਿਸਾਨਾਂ ਦੀ ਸਾਰੀ ਜਾਣਕਾਰੀ ਮਿਲ ਚੁੱਕੀ ਹੈ। ਇਨ੍ਹਾਂ ਕਿਸਾਨਾਂ ਦਾ ਕਰਜ਼ਾ ਚਾਰ ਹਜ਼ਾਰ ਕਰੋੜ ਦੇ ਕਰੀਬ ਬਣਦਾ ਹੈ।
ਇਨ੍ਹਾਂ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਯੋਜਨਾ 15 ਨਵੰਬਰ ਤੱਕ ਲਾਗੂ ਕਰ ਦਿੱਤੀ ਜਾਵੇਗੀ। ਕੌਮੀਕ੍ਰਿਤ ਤੇ ਪ੍ਰਾਈਵੇਟ ਬੈਂਕਾਂ ਦੇ ਕਰਜ਼ਈ ਕਿਸਾਨਾਂ ਦੀ ਅਜੇ ਤੱਕ ਰਾਜ ਸਰਕਾਰ ਕੋਲ ਪੂਰੀ ਜਾਣਕਾਰੀ ਨਹੀਂ ਪਹੁੰਚੀ। ਇਨ੍ਹਾਂ ਬੈਂਕਾਂ ਦੇ ਫਸਲੀ ਕਰਜ਼ੇ ਵਾਲੇ ਕਿਸਾਨਾਂ ਦੀ ਗਿਣਤੀ 3.80 ਲੱਖ ਬਣਦੀ ਹੈ ਪਰ ਕਰਜ਼ਾ 5500 ਸੌ ਕਰੋੜ ਰੁਪਏ ਦਾ ਮੁਆਫ਼ ਕੀਤਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਸਕੀਮ ਲਾਗੂ ਕਰਨ ਵਾਸਤੇ ਕੇਂਦਰ ਸਰਕਾਰ ਕੋਲੋਂ ਮਦਦ ਦੇ ਯਤਨ ਕੀਤੇ ਜਾ ਰਹੇ ਹਨ। ਇਸ ਮੰਤਵ ਲਈ ਵਿੱਤੀ ਜ਼ਿੰਮੇਵਾਰੀ ਬਜਟ ਪ੍ਰਬੰਧ ਐਕਟ ਵਿੱਚ ਸੋਧ ਲਈ ਰਾਜ ਸਰਕਾਰ ਦੀ ਫਾਈਲ ਕੇਂਦਰ ਸਰਕਾਰ ਕੋਲ ਹੈ। ਕੇਂਦਰੀ ਵਜ਼ਾਰਤ ਨੇ ਐਕਟ ਵਿੱਚ ਸੋਧ ਦੀ ਪ੍ਰਵਾਨਗੀ ਦੇਣੀ ਹੈ। ਪੰਜਾਬ ਨੂੰ ਰਾਹਤ ਦੇਣ ਸਮੇਂ ਇਹੀ ਸਹੂਲਤ ਭਾਜਪਾ ਸ਼ਾਸਤ ਸੂਬਿਆਂ ਨੂੰ ਵੀ ਦਿੱਤੀ ਜਾ ਸਕਦੀ ਹੈ।