ਤਰਨ ਤਾਰਨ, 18 ਮਈ,ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਖੇਤਰ ਦੇ ਇਸ ਜ਼ਿਲ੍ਹੇ ਲਈ 555 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ| ਉਨ੍ਹਾਂ ਇਹ ਐਲਾਨ ਅੱਜ ਇਥੇ ਰਾਜ ਨੂੰ ਨਸ਼ਾ ਮੁਕਤ ਕੀਤੇ ਜਾਣ ਲਈ ਵਿੱਢੀ ਮੁਹਿੰਮ ‘ਡੈਪੋ’ ਪ੍ਰੋਗਰਾਮ ਦਾ ਦੂਜਾ ਪੜਾਅ ਸੂਬਾ ਵਾਸੀਆਂ ਨੂੰ ਸਮਰਪਿਤ ਕਰਨ ਮੌਕੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ| ਉਨ੍ਹਾਂ ਆਪਣੇ ਕਰੀਬ 20 ਮਿੰਟ ਦੇ ਭਾਸ਼ਣ ਵਿੱਚ ਸੂਬੇ ਅੰਦਰ ਸਿੱਖਿਆ ਅਤੇ ਸਿਹਤ ਨੂੰ ਸਰਕਾਰ ਦੀ ਪਰਮ ਅਗੇਤ ਦੇਣ ਦੀ ਗੱਲ ਕੀਤੀ।
ਉਨ੍ਹਾਂ ਇਸ ਮੌਕੇ ਸੂਬੇ ਅੰਦਰ ਨਸ਼ਿਆਂ ਖ਼ਿਲਾਫ਼ ਜਾਗ੍ਰਿਤੀ ਫੈਲਾਉਣ ਦਾ ਕਾਰਜ ਕਰਦੀਆਂ ਨਸ਼ਾ ਨਿਗਰਾਨ ਕਮੇਟੀਆਂ, 60 ਓਟ ਕੇਂਦਰਾਂ ਅਤੇ ‘ਬੱਡੀ’ ਪ੍ਰੋਗਰਾਮ ਨੂੰ ਵੀ ਸੂਬਾ ਵਾਸੀਆਂ ਨੂੰ ਸਮਰਪਿਤ ਕੀਤਾ| ਜ਼ਿਲ੍ਹੇ ਅੰਦਰ ਸ਼ੁਰੂ ਕੀਤੇ ਜਾਣ ਵਾਲੇ 555 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦਾ ਵਿਸਥਾਰ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਖੇਮਕਰਨ ਤੋਂ ਝਬਾਲ ਰੋਡ ਲਈ 150 ਕਰੋੜ ਰੁਪਏ ਦੇ ਇਲਾਵਾ ਹਰੀਕੇ-ਖਾਲੜਾ ਰੋਡ ਨੂੰ ਚੌੜਾ ਅਤੇ ਅਪਗ੍ਰੇਡ ਕਰਨ ਲਈ 125 ਕਰੋੜ ਰੁਪਏ ਅਤੇ 770 ਕਿਲੋਮੀਟਰ ਦੀ ਲੰਬਾਈ ਵਾਲੀਆਂ 312 ਸੰਪਰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ ਲਈ 73 ਕਰੋੜ ਰੁਪਏ ਦੇ ਪ੍ਰਾਜੈਕਟ ਸ਼ਾਮਲ ਹਨ|
ਉਨ੍ਹਾਂ ਦੱਸਿਆ ਕਿ ਆਸਲ ਉਤਾੜ ਤੋਂ ਖੇਮਕਰਨ ਤੱਕ ਨਵੀਂ ਸੜਕ ਦੀ ਉਸਾਰੀ ਲਈ 9.25 ਕਰੋੜ ਰੁਪਏ, ਪੱਟੀ-ਸਰਹਾਲੀ ਰੋਡ ਤੋਂ ਹਰੀਕੇ ਖਾਲੜਾ ਵਾਇਆ ਆਸਲ-ਭੱਗੂਪੁਰ ਰੋਡ ਨੂੰ ਚੌੜਾ ਤੇ ਮੁਰੰਮਤ ਕਰਨ ਲਈ ਤਿੰਨ ਕਰੋੜ ਰੁਪਏ ਅਤੇ ਘੜਕਾ ਪਿੰਡ ਦੀ ਆਬਾਦੀ ਨੂੰ ਬਿਆਸ ਦਰਿਆ ਤੋਂ ਪਾਰ ਖੇਤਾਂ ਲਈ ਪਲਟੂਨ ਪੁਲ ਲਈ ਵੀ 3 ਕਰੋੜ ਰੁਪਏ ਵੀ ਸ਼ਾਮਲ ਕੀਤੇ ਗਏ ਹਨ।
ਉਨ੍ਹਾਂ ਜ਼ਿਲ੍ਹੇ ਦੇ 779 ਸਕੂਲਾਂ ਦੇ ਵਿਕਾਸ ਲਈ 60 ਕਰੋੜ ਰੁਪਏ, ਵੱਖ-ਵੱਖ ਮੰਡੀਆਂ ਦੇ ਵਿਕਾਸ ਕੰਮਾਂ ਲਈ 44 ਕਰੋੜ ਰੁਪਏ ਰੱਖੇ ਜਾਣ ਦਾ ਵੀ ਐਲਾਨ ਕੀਤਾ ਅਤੇ 12 ਕਰੋੜ ਰੁਪਏ ਦੀ ਲਾਗਤ ਨਾਲ ਖਡੂਰ ਸਾਹਿਬ ਅੰਦਰ ਸਰਕਾਰੀ ਡਿਗਰੀ ਕਾਲਜ ਸਥਾਪਤ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਪੱਟੀ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵੱਲੋਂ 10 ਕਰੋੜ ਰੁਪਏ ਦੀ ਲਾਗਤ ਨਾਲ ਮੱਝਾਂ ਦਾ ਖੋਜ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਵੱਲੋਂ ਕੀਤੇ ਹੋਰ ਐਲਾਨਾਂ ਵਿੱਚ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਪੱਟੀ-ਸਰਹਾਲੀ ਰੋਡ ’ਤੇ ਪੱਟੀ ਡਰੇਨ ਉਪਰ ਉੱਚੇ ਪੁਲ ਦਾ ਨਿਰਮਾਣ ਕਰਨ ਅਤੇ ਪੱਟੀ-ਸਰਹਾਲੀ ਰੋਡ ਤੋਂ ਪੀਰ ਸ਼ਾਹ ਤੱਕ ਰਸਤੇ ਨੂੰ ਜੋੜਨ ਲਈ 4.50 ਕਰੋੜ ਦੀ ਲਾਗਤ ਨਾਲ ਉੱਚੇ ਪੁਲ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ। ਕੈਪਟਨ ਨੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਵਿੱਚ 9 ਸਮਾਰਟ ਸਕੂਲ ਖੋਲ੍ਹਣ ਦਾ ਵੀ ਐਲਾਨ ਕੀਤਾ। ਇਥੇ ਆਉਣ ’ਤੇ ਉਨ੍ਹਾਂ ਦਾ ਵਿਧਾਇਕ ਧਰਮਵੀਰ ਅਗਨੀਹੋਤਰੀ ਨੇ ਰਸਮੀ ਸਵਾਗਤ ਕੀਤਾ| ਉਨ੍ਹਾਂ ਨਾਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਸਿੱਖਿਆ ਮੰਤਰੀ ਓ.ਪੀ. ਸੋਨੀ, ਮੀਡੀਆ ਸਲਾਹਕਾਰ ਰਵੀਨ ਠੁਕਰਾਲ ਆਦਿ ਵੀ ਹਾਜ਼ਰ ਸਨ।