ਲੰਡਨ, 12 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੁਪਹਿਰ ਦੇ ਖਾਣੇ ’ਤੇ ਸਟੀਲ ਦੇ ਵਿਸ਼ਵ ਪ੍ਰਸਿੱਧ ਕਾਰੋਬਾਰੀ ਲਕਸ਼ਮੀ ਮਿੱਤਲ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਸੂਬੇ ਵਿਚ ਕਈ ਉੱਦਮਾਂ ਤੋਂ ਇਲਾਵਾ ਸੰਗਰੂਰ ਵਿਚ ਪੈਟਰੋਕੈਮੀਕਲ ਇੰਡਸਟਰੀ ਲਈ ਪ੍ਰਾਜੈਕਟ ਸਥਾਪਤ ਕਰਨ ਬਾਰੇ ਵਿਚਾਰ-ਚਰਚਾ ਕੀਤੀ ਗਈ।
ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਵਿਚ ਮੁੱਖ ਮੰਤਰੀ ਦੀ ਸ੍ਰੀ ਮਿੱਤਲ ਨਾਲ ਇਹ ਦੂਜੀ ਮੀਟਿੰਗ ਹੈ ਅਤੇ ਦੋਵਾਂ ਨੇ ਮਿੱਤਲ ਦੀ ਮਾਲਕੀ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਆਰਸੀਲੌਰ ਮਿੱਤਲ ਦਾ ਪੰਜਾਬ ਵਿਚ ਨਿਵੇਸ਼ ਵਧਾਉਣ ਪ੍ਰਤੀ ਵੱਖ-ਵੱਖ ਕਦਮਾਂ ਬਾਰੇ ਸਹਿਮਤੀ ਪ੍ਰਗਟਾਈ।
ਅੱਜ ਦੀ ਮੁਲਾਕਾਤ ਦੌਰਾਨ ਬਠਿੰਡਾ ਵਿਚ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਜਾਣ ਵਾਲੇ ਪੈਟਰੋਕੈਮੀਕਲ ਪਲਾਂਟ ਦੇ ਪ੍ਰਸਤਾਵ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਬਠਿੰਡਾ ਵਿਚ ਕੰਪਨੀ ਵੱਲੋਂ ਪਹਿਲਾਂ ਹੀ ਪੈਟਰੋਲੀਅਮ ਰਿਫਾਇਨਰੀ ਸਥਾਪਤ ਕੀਤੀ ਹੋਈ ਹੈ। ਇਸ ਪ੍ਰਾਜੈਕਟ ਨਾਲ ਜਿੱਥੇ ਵੱਡੀ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉੱਥੇ ਹੀ ਸੂਬੇ ਦੇ ਮਾਲੀਏ ਵਿਚ ਵੀ ਵਾਧਾ ਹੋਵੇਗਾ।
ਸ੍ਰੀ ਮਿੱਤਲ ਨੇ ਪੈਟਰੋਕੈਮੀਕਲ ਸਨਅਤ ਉਦਯੋਗ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਇਸ ਨੂੰ ਸਨਅਤੀ ਵਿਕਾਸ ਦਾ ਅਹਿਮ ਸਰੋਤ ਦੱਸਿਆ ਅਤੇ ਨਾਲ ਹੀ ਮੁੱਖ ਮੰਤਰੀ ਨੂੰ ਸਰਕਾਰ ਪਾਸੋਂ ਬੁਨਿਆਦੀ ਢਾਂਚੇ ਲਈ ਸਹਿਯੋਗ ਦੀ ਅਪੀਲ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਮਿੱਤਲ ਨੂੰ ਭਰੋਸਾ ਦਿੱਤਾ ਕਿ ਵਪਾਰ ਤੇ ਸਨਅਤੀ ਵਿਕਾਸ ਲਈ ਉਨਾਂ ਦੀ ਸਰਕਾਰ ਸੂਬੇ ਵਿਚ ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਦੇਣ ਵਿਚ ਪੂਰੀ ਮਦਦ ਕਰੇਗੀ। ਮੁੱਖ ਮੰਤਰੀ ਨੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਉਨਾਂ ਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਛੇਤੀ ਹੀ ਨਵੀਂ ਸਨਅਤੀ ਨੀਤੀ ਲਿਆਂਦੀ ਜਾ ਰਹੀ ਹੈ ਜਿਸ ਨਾਲ ਸੂਬੇ ’ਚ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ।
ਮੁੱਖ ਮੰਤਰੀ ਅਤੇ ਸਟੀਲ ਉਦਯੋਗਪਤੀ ਨੇ ਜਨਤਕ-ਪ੍ਰਾਈਵੇਟ ਭਾਈਵਾਲੀ ਰਾਹੀਂ ਬਠਿੰਡਾ ਵਿਚ ਇੱਕ ਕਰੋੜ ਰੁਪਏ ਤੋਂ ਲੈ ਕੇ 200 ਕਰੋੜ ਰੁਪਏ ਤੱਕ ਦੇ ਨਿਵੇਸ਼ ਨਾਲ ਸਹਾਇਕ ਸਨਅਤੀ ਯੂਨਿਟ ਸਥਾਪਤ ਕਰਨ ਲਈ ਪਹਿਲਾਂ ਕੀਤੀ ਵਿਚਾਰ-ਚਰਚਾ ਨੂੰ ਅੱਗੇ ਤੋਰਿਆ ਜਿਸ ਨਾਲ ਖਿੱਤੇ ਵਿਚ ਸਨਅਤੀ ਵਿਕਾਸ ਨੂੰ ਹੋਰ ਉਤਸ਼ਾਹ ਮਿਲੇਗਾ।
ਸ੍ਰੀ ਮਿੱਤਲ ਦੀ ਕੰਪਨੀ ਵੱਲੋਂ ਬਠਿੰਡਾ ਵਿਖੇ ਰਿਫਾਇਨਰੀ ਦੀ ਸਮਰਥਾ ਵਧਾਉਣ ਲਈ 22 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰਾਜੈਕਟ ਪਹਿਲਾਂ ਹੀ ਸ਼ੁਰੂ ਕੀਤਾ ਹੋਇਆ ਹੈ ਜਦਕਿ ਕੰਪਨੀ ਵੱਲੋਂ ਪਲਾਸਟਿਕ ਦੀ ਮੈਨੂਫੈਕਚਰਿੰਗ ਲਈ ਮੁਢਲਾ ਕੱਚਾ ਮਾਲ ਪੈਦਾ ਕਰਨ ਵਾਸਤੇ ਨੈਪਥਾ ਕਰੈਕਰ ਯੂਨਿਟ ਦੀ ਸਥਾਪਨਾ ਪ੍ਰਿਆ ਅਧੀਨ ਹੈ।
ਸ੍ਰੀ ਮਿੱਤਲ ਨੇ ਆਖਿਆ ਕਿ ਉਨਾਂ ਦੀ ਕੰਪਨੀ ਪੰਜਾਬ ਵਿਚ ਹੋਰ ਨਿਵੇਸ਼ ਕਰਨ ਦੀ ਇੱਛੁਕ ਹੈ ਕਿਉਂ ਜੋ ਉਹ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਬਦਲੇ ਮਾਹੌਲ ਦੇ ਮੱਦੇਨਜ਼ਰ ਸਨਅਤੀ ਵਿਕਾਸ ਦੀ ਅਥਾਹ ਸਮਰਥਾ ਦੇਖਦੇ ਹਨ।