ਚੰਡੀਗੜ੍ਹ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਵਜ਼ਾਰਤ ਵਿੱਚ ਵਾਧਾ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ।
ਦੱਸਣਯੋਗ ਹੈ ਕਿ ਕਾਂਗਰਸ ਦੇ ਮੀਤ ਪ੍ਰਧਾਨ ਮੁੱਖ ਮੰਤਰੀ ਨੂੰ ਕਪੂਰਥਲਾ ਹਾਊਸ ਨਵੀਂ ਦਿੱਲੀ ਵਿੱਚ ਮਿਲੇ ਸਨ ਅਤੇ ਉਨ੍ਹਾਂ ਨੇ ਕੈਪਟਨ ਨਾਲ ਉਨ੍ਹਾਂ ਦੀ ਮਾਤਾ ਮਹਿੰਦਰ ਕੌਰ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਕੈਪਟਨ ਨੇ ਪੰਜਾਬ ਵਜ਼ਾਰਤ ਵਿੱਚ ਵਾਧੇ ਬਾਰੇ ਵੀ ਕਾਂਗਰਸ ਆਗੂ ਨਾਲ ਚਰਚਾ ਕੀਤੀ। ਕਾਂਗਰਸ ਹਲਕਿਆਂ ਦਾ ਕਹਿਣਾ ਹੈ ਕਿ ਵਜ਼ਾਰਤ ਵਿੱਚ ਵਾਧਾ ਸਥਾਨਕ ਸਰਕਾਰਾਂ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਬਾਅਦ ਹੀ ਹੋਣ ਦੀ ਸੰਭਾਵਨਾ ਹੈ।
ਵਜ਼ਾਰਤ ਵਿੱਚ ਸ਼ਾਮਲ ਹੋਣ ਵਾਲੇ ਸੰਭਾਵੀ ਮੰਤਰੀ ਜਲਦੀ ਵਾਧੇ ਲਈ ਮੁੱਖ ਮੰਤਰੀ ’ਤੇ ਦਬਾਅ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਦੇ ਕੰਮ-ਕਾਜ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਵਜ਼ਾਰਤ ਵਿਚ ਪੂਰੇ ਮੰਤਰੀ ਹੋਣੇ ਚਾਹੀਦੇ ਹਨ ਤੇ ਘੱਟ ਮੰਤਰੀ ਹੋਣ ਕਰਕੇ ਸਾਰੇ ਵਿਭਾਗਾਂ ਵੱਲ ਬਣਦੀ ਤਵੱਜੋਂ ਨਹੀਂ ਦਿਤੀ ਜਾ ਰਹੀ। ਇਸ ਲਈ ਵਾਧਾ ਜਲਦੀ ਕੀਤਾ ਜਾਣਾ ਚਾਹੀਦਾ ਹੈ।