ਚੰਡੀਗੜ੍ਹ, 9 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਚੰਡੀਮੰਦਰ ਵਿਖੇ ਸਿੱਖ ਰੈਜਮੈਂਟ ਸੈਂਟਰ ਦੇ ਵਿਕਾਸ ਲਈ 25 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਐਲਾਨ ਚੰਡੀਮੰਦਰ ਮਿਲਟਰੀ ਸਟੇਸ਼ਨ ਸਥਿਤ ਖੇਤਰਪਾਲ ਆਫੀਸਰਜ਼ ਇੰਸਟੀਚਿਊਟ (ਕੇ.ਓ.ਆਈ) ਵਿਖੇ ਸਿੱਖ ਰੈਜਮੈਂਟ ਵੱਲੋਂ ਵਿਸਾਖੀ ਲੰਚ 2018 ਦੀ ਮੇਜ਼ਬਾਨੀ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਇਹ ਗਰਾਂਟ ਸੈਂਟਰ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਹੋਰ ਸਬੰਧਤ ਸਹੂਲਤਾਂ ਲਈ ਮੱਦਦਗਾਰ ਸਾਬਿਤ ਹੋਵੇਗੀ। ਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ ਪ੍ਰੋਗਰਾਮ ‘ਗਾਰਡੀਅਨਜ਼ ਆਫ ਗਵਰਨੈਂਸ’ ਵਿੱਚ ਸਾਬਕਾ ਫ਼ੌਜੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਸਾਰਾਗੜ੍ਹੀ ਜੰਗ ਬਾਰੇ ਕਿਤਾਬ ਲਿਖ ਚੁੱਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰਾਗੜ੍ਹੀ ਕਿਲ੍ਹੇ ਤੋਂ ਸਿੱਖ ਰੈਜਮੈਂਟ ਸੈਂਟਰ ਅਤੇ 4 ਸਿੱਖ ਰੈਜਮੈਂਟ (ਪਿਛਲੇ ਸਮੇਂ ਦੀ 36 ਸਿੱਖ ਰੈਜਮੈਂਟ), ਜਿਸ ਨੇ ਇਹ ਇਤਿਹਾਸਕ ਜੰਗ ਲੜੀ ਸੀ, ਨੂੰ ਇੱਕ ਯਾਦਗਾਰੀ ਚਿੰਨ੍ਹ ਭੇਟ ਕੀਤਾ। ਉਨ੍ਹਾਂ ਕਿਹਾ ਕਿ ਇਸ ਜੰਗ ਨਾਲ ਸਬੰਧਤ ਇਤਿਹਾਸਕ ਤੱਥਾਂ ਦੀ ਘੋਖ ਕਰਨ ਲਈ ਬਹੁਤ ਸਾਰੀ ਖੋਜ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇੱਕ ਖੋਜੀ ਵਜੋਂ ਉਨ੍ਹਾਂ ਇਸ ਜੰਗ ਦੇ ਭੁੱਲੇ-ਵਿਸਰੇ ਨਾਇਕ ‘ਦਾਦ’ ਦੇ ਵੱਡੇ ਯੋਗਦਾਨ ਦੀ ਖੋਜ ਕੀਤੀ ਹੈ, ਜਿਸ ਨੇ 21 ਹੋਰ ਬਹਾਦਰ ਫ਼ੌਜੀਆਂ ਦੇ ਨਾਲ ਆਪਣੀ ਜਾਨ ਵਾਰੀ। ਕੈਪਟਨ ਨੇ 2 ਸਿੱਖ ਰੈਜਮੈਂਟ ਨਾਲ ਆਪਣੇ ਤਜਰਬਿਆਂ ਨੂੰ ਵੀ ਯਾਦ ਕੀਤਾ। ਇਸ ਮੌਕੇ ਰੱਖਿਆ ਅਕਾਦਮੀ ਦੇ ਇੰਸਟਰੱਕਟਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਪੀ.ਐੱਸ. ਵਾਡਰਾ ਵੀ ਹਾਜ਼ਰ ਸਨ।