ਅੰਮ੍ਰਿਤਸਰ, 3 ਨਵੰਬਰ

ਪੰਜਾਬ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਰਾਜ ਦੇ ਸਾਬਕਾ ਮੁੱਖ ਮੰਤਰੀ ਕੈਪਟਨ ’ਤੇ ਅੱਜ ਤਕੜੇ ਹਮਲੇ ਕੀਤੇ ਤੇ ਕਿਹਾ ਕਿ ਕੈਪਟਨ ਹੁਣ ਇਕੱਲੇ ਹਨ ਤੇ ਉਨ੍ਹਾਂ ਦੀ ਪਤਨੀ ਤੱਕ ਨਾਲ ਨਹੀਂ ਹੈ। ਅੱਜ ਇਥੇ ਰਾਮ ਤਲਾਈ ਜੀਟੀ ਰੋਡ ਸਥਿਤ ਮੰਦਰ ਦੇ ਸੁੰਦਰੀਕਰਨ ਲਈ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ,‘ਕੈਪਟਨ ਫਰੌਡ ਬੰਦਾ ਹੈ। ਉਹ ਮੈਨੂੰ ਕਹਿੰਦਾ ਸੀ ਕਿ ਮੇਰੇ ਲਈ ਦਰਵਾਜ਼ੇ ਬੰਦ ਹਨ ਪਰ ਹੁਣ ਉਸ ਦੇ ਆਪਣੇ ਦਰਵਾਜ਼ੇ ਬੰਦ ਹੋ ਚੁੱਕੇ ਹਨ। ਉਮਰ ਵਧਣ ਨਾਲ ਬੰਦਾ ਰੋਂਦੂ ਹੋ ਜਾਂਦਾ ਹੈ। ਕੈਪਟਨ ਦਾ ਵੀ ਇਹੀ ਹਾਲ ਹੈ, ਉਹ ਰੋਂਦੂ ਬੱਚਾ ਬਣ ਗਿਆ ਹੈ। ਕੈਪਟਨ ਚੱਲ੍ਹਿਆ ਕਾਰਤੂਸ ਹੈ ਅਤੇ ਉਹ (ਸਿੱਧੂ) ਕਿਸੇ ਚੱਲੇ ਹੋਏ ਕਾਰਤੂਸ ਨਾਲ ਕਦੇ ਗੱਲ ਨਹੀਂ ਕਰਦੇ।’ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਨੇ ਕਿਹਾ ਕਿ ਕੈਪਟਨ ਦੀ ਹਾਲਤ ਤਾਂ ਅਜਿਹੀ ਹੋ ਗਈ ਹੈ ਕਿ ਉਸ ਦੇ ਨਾਲ ਇਕ ਕੌਂਸਲਰ ਤੱਕ ਖੜ੍ਹਾ ਨਹੀਂ ਦਿਖ ਰਿਹਾ। ਕੈਪਟਨ ਐਵੇਂ ਗੱਲਾਂ ਮਾਰਦਾ ਹੈ ਉਸ ਦੇ ਪੱਲੇ ਕੁਝ ਵੀ ਨਹੀਂ ਹੈ। ਉਨ੍ਹਾਂ ਸਵਾਲ ਵੀ ਕੀਤਾ ਕਿ ਕੈਪਟਨ ਦੇ ਨਾਲ ਉਨ੍ਹਾਂ ਦੀ ਪਤਨੀ ਨੇ ਕਾਂਗਰਸ ਕਿਉਂ ਨਹੀਂ ਛੱਡੀ? ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਛੇਤੀ ਹੀ ਨਵੀਆਂ ਲੋਕ ਹਿੱਤੂ ਨੀਤੀਆਂ ਬਣਾਈਆਂ ਜਾਣਗੀਆਂ, ਜਿਨ੍ਹਾਂ ਨਾਲ ਸੂਬੇ ਵਿਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਰੇਤ ਦੇ ਰੇਟ ਨਿਰਧਾਰਿਤ ਕੀਤੇ ਜਾਣਗੇ, ਜਿਸ ਨਾਲ ਪੰਜਾਬੀਆਂ ਨੂੰ ਇਮਾਰਤ ਉਸਾਰੀ ਵਿੱਚ ਵੱਡੀ ਰਾਹਤ ਮਿਲੇਗੀ।