ਮੈਨੀਟੋਬਾ— ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵੱਡੇ ਸ਼ਹਿਰ ਬਰੈਂਡਨ ‘ਚ ਭਿਆਨਕ ਅੱਗ ਲੱਗ ਜਾਣ ਕਾਰਨ ਲਗਭਗ 150 ਲੋਕ ਬੇਘਰ ਹੋ ਗਏ ਹਨ। ਸ਼ਨੀਵਾਰ ਦੁਪਹਿਰ ਨੂੰ ਲੱਗੀ ਇਸ ਅੱਗ ‘ਚ ਤਿੰਨ ਵੱਡੀਆਂ ਇਮਾਰਤਾਂ ਸੜ ਕੇ ਸਵਾਹ ਹੋ ਗਈਆਂ। ਰੈੱਡ ਕਰਾਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 137 ਤੋਂ ਵਧੇਰੇ ਲੋਕਾਂ ਨੇ ਸੁਰੱਖਿਅਤ ਥਾਵਾਂ ‘ਚ ਸ਼ਰਨ ਲਈ ਹੈ। ਬਰੈਂਡਨ ਸ਼ਹਿਰ ਦੇ ਮੇਅਰ ਰਿੱਕ ਚਰੈਸਟ ਨੇ ਕਿਹਾ ਕਿ ਮੈਸੀ ਮੈਨੋਰ ਇਮਾਰਤ ‘ਚ ਭਿਆਨਕ ਤਬਾਹੀ ਮਚ ਗਈ ਤੇ ਲੋਕ ਬੇਘਰ ਹੋ ਗਏ। ਤਿੰਨ ਇਮਾਰਤਾਂ ਦੇ ਬਰਬਾਦ ਹੋ ਜਾਣ ਕਾਰਨ ਇੱਥੇ ਰਹਿ ਰਹੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਮਾਰਤਾਂ ਬਰਬਾਦ ਹੋਣ ਕਾਰਨ ਆਰਥਿਕ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਦੁਪਹਿਰ ਸਮੇਂ ਅੱਗ ਲੱਗ ਗਈ ਸੀ ਅਤੇ ਅਜੇ ਅੱਗ ਲੱਗਣ ਦੇ ਕਾਰਨਾਂ ਸੰਬੰਧੀ ਜਾਣਕਾਰੀ ਨਹੀਂ ਮਿਲ ਸਕੀ। ਅੱਗ ਪੈਸੀਫਿਕ ਅਵੈਨਿਊ ਦੇ 700 ਬਲਾਕ ‘ਚ ਕਰਿਸਟੀ ਆਫਿਸ ਪਲੱਸ ਇਮਾਰਤ, ਮੈਸੀ ਮੈਨੋਰ ਅਤੇ ਕੋਲੀਜ਼ ਸਟੋਰ ਨੂੰ ਤਬਾਹ ਕਰਦੀ ਹੋਈ ਅੱਗੇ ਵੱਲ ਵਧੀ। ਜੇਕਰ ਫਾਇਰ ਫਾਈਟਰਜ਼ ਅੱਗ ਨੂੰ ਸਮੇਂ ਸਿਰ ਕੰਟਰੋਲ ਨਾ ਕਰਦੇ ਤਾਂ ਇਹ ਹੋਰ ਇਲਾਕਿਆਂ ‘ਚ ਫੈਲ ਜਾਣੀ ਸੀ ਅਤੇ ਸ਼ਾਇਦ ਫਿਰ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਸੀ। ਮੈਸੀ ਮੈਨੋਰ ‘ਚ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਅੱਗ ਲੱਗੀ ਦੇਖੀ ਅਤੇ ਉਸ ਨੇ ਲੋਕਾਂ ਨੂੰ ਰੋਲਾ ਪਾ ਕੇ ਭੱਜਣ ਲਈ ਕਿਹਾ। ਉਸ ਨੇ ਕਿਹਾ ਕਿ ਸ਼ੁਕਰ ਹੈ ਕੋਈ ਜ਼ਖਮੀ ਨਹੀਂ ਹੋਇਆ ਪਰ ਹਰ ਕੋਈ ਇਸ ਮਗਰੋਂ ਘਬਰਾ ਗਿਆ। ਇਨ੍ਹਾਂ ਲੋਕਾਂ ਦੀ ਮਦਦ ਲਈ ਬਹੁਤ ਸਾਰੇ ਲੋਕ ਅੱਗੇ ਆਏ ਹਨ ਅਤੇ ਉਨ੍ਹਾਂ ਨੂੰ ਜ਼ਰੂਰਤ ਆਦਿ ਦਾ ਸਾਮਾਨ ਭੇਜ ਰਹੇ ਹਨ। ਗੋ ਫੰਡ ਰਾਹੀਂ ਵੀ ਕਾਫੀ ਮਦਦ ਦਿੱਤੀ ਜਾ ਰਹੀ ਹੈ।